ਮੈਲਬਰਨ: ਫ਼ੈਡਰਲ ਸਰਕਾਰ ਨਵੇਂ ਵਿੱਤੀ ਸਾਲ ਵਿਚ ਲਗਭਗ 500 ਫ਼ਾਲਤੂ ਦੇ ਟੈਰਿਫ (Nuisance Tariffs) ਨੂੰ ਖਤਮ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਸ ਨਾਲ ਕਾਰੋਬਾਰਾਂ ਨੂੰ ਸਾਲਾਨਾ 3 ਕਰੋੜ ਡਾਲਰ ਤੋਂ ਵੱਧ ਦੀ ਬਚਤ ਹੋਵੇਗੀ। ਇਹ ਦੋ ਦਹਾਕਿਆਂ ਵਿਚ ਸਭ ਤੋਂ ਵੱਡਾ ਸੁਧਾਰ ਹੈ, ਜਿਸ ਵਿਚ 1 ਜੁਲਾਈ ਤੋਂ ਆਯਾਤ ਕੀਤੀਆਂ ਚੀਜ਼ਾਂ ‘ਤੇ ਆਸਟ੍ਰੇਲੀਆ ਦੇ 14٪ ਟੈਰਿਫ ਨੂੰ ਖਤਮ ਕਰ ਦਿੱਤਾ ਜਾਵੇਗਾ। ਸਸਤੀਆਂ ਹੋਣ ਵਾਲੀਆਂ ਚੀਜ਼ਾਂ ਵਿੱਚ ਹੈਂਡ ਟੂਲਜ਼, ਫਰਿੱਜ, ਵਾਸ਼ਿੰਗ ਮਸ਼ੀਨਾਂ, ਟੂਥਬ੍ਰਸ਼, ਕੱਪੜੇ ਅਤੇ ਮਾਹਵਾਰੀ ਅਤੇ ਸੈਨੇਟਰੀ ਉਤਪਾਦ ਸ਼ਾਮਲ ਹਨ।
ਇਸ ਤਬਦੀਲੀ ਦਾ ਉਦੇਸ਼ ਕਾਰੋਬਾਰੀ ਕਾਰਜਾਂ ਨੂੰ ਸਰਲ ਬਣਾਉਣਾ ਅਤੇ ਲਾਗਤਾਂ ਤੇ ਲਾਲ ਫੀਤਾਸ਼ਾਹੀ ਨੂੰ ਘਟਾ ਕੇ ਉਤਪਾਦਕਤਾ ਨੂੰ ਵਧਾਉਣਾ ਹੈ। ਪ੍ਰੋਡਕਟੀਵਿਟੀ ਕਮਿਸ਼ਨ ਨੇ ‘Nuisance Tariffs’ ਨੂੰ ਅਜਿਹੇ ਟੈਰਿਫ਼ ਦਸਿਆ ਹੈ ਜੋ ਬਹੁਤ ਥੋੜ੍ਹਾ ਮਾਲੀਆ ਵਧਾਉਂਦੇ ਹਨ, ਉਤਪਾਦਕਾਂ ਲਈ ਨਾਮਾਤਰ ਲਾਭ ਹੁੰਦੇ ਹਨ, ਪਰ ਕਾਰੋਬਾਰਾਂ ‘ਤੇ ਕਾਨੂੰਨ ਪਾਲਣਾ ਦਾ ਬੋਝ ਪਾਉਂਦੇ ਹਨ। ਹਟਾਏ ਜਾਣ ਵਾਲੇ ਟੈਰਿਫਾਂ ਦੀ ਪੂਰੀ ਸੂਚੀ ਨੂੰ ਛੇਤੀ ਹੀ ਅੰਤਿਮ ਰੂਪ ਦਿੱਤਾ ਜਾਵੇਗਾ ਅਤੇ ਫੈਡਰਲ ਬਜਟ ਵਿੱਚ ਖੁਲਾਸਾ ਕੀਤਾ ਜਾਵੇਗਾ। ਇਸ ਪ੍ਰਸਤਾਵ ‘ਤੇ ਵਿਚਾਰ-ਵਟਾਂਦਰਾ ਚੱਲ ਰਿਹਾ ਹੈ, ਜਿਸ ਨੂੰ ਅਪ੍ਰੈਲ ਵਿੱਚ ਪੂਰਾ ਕੀਤਾ ਜਾਵੇਗਾ।
ਖੇਤੀਬਾੜੀ ਮੰਤਰੀ ਮੁਰੇ ਵਾਟ ਨੇ ਕਿਹਾ ਕਿ ਟੈਰਿਫ ਨੂੰ ਖਤਮ ਕਰਨਾ ਕਿਸਾਨਾਂ ਅਤੇ ਖਪਤਕਾਰਾਂ ਲਈ ਚੰਗਾ ਹੈ। ਗ੍ਰਹਿ ਮਾਮਲਿਆਂ ਦੇ ਮੰਤਰੀ ਕਲੇਅਰ ਓਨੀਲ ਨੇ ਕਿਹਾ ਕਿ ਤਬਦੀਲੀਆਂ ਦਾ ਮਤਲਬ ਆਸਟ੍ਰੇਲੀਆਈ ਕਾਰੋਬਾਰਾਂ ਲਈ ਘੱਟ ਗੁੰਝਲਦਾਰ ਕਾਨੂੰਨ ਪਾਲਣਾ ਹੋਵੇਗਾ।