ਮੈਲਬਰਨ: ਆਸਟ੍ਰੇਲੀਆ ਵਾਸੀ ਅਪਾਰਟਮੈਂਟਾਂ ਦੀ ਬਜਾਏ ਜ਼ਮੀਨ ’ਤੇ ਬਣੇ ਮਕਾਨਾਂ ਨੂੰ ਤਰਜੀਹ ਦੇ ਰਹੇ ਹਨ। ਇਸ ਦਾ ਪਤਾ ਕੋਰਲੋਜਿਕ ਵਲੋਂ ਜਾਰੀ ਨਵੇਂ ਅੰਕੜਿਆਂ ਤੋਂ ਪਤਾ ਲਗਦਾ ਹੈ, ਜਿਸ ’ਚ ਕਿਹਾ ਗਿਆ ਹੈ ਕਿ ਮਾਰਚ 2020 ਵਿੱਚ ਮਹਾਂਮਾਰੀ ਦੀ ਸ਼ੁਰੂਆਤ ਵੇਲੇ ਘਰਾਂ ਅਤੇ ਯੂਨਿਟਾਂ ਦੇ ਮੁੱਲਾਂ ਵਿਚਕਾਰ ਫ਼ਰਕ ਸਿਰਫ 16.7٪ ਸੀ। ਪਰ ਲਗਭਗ ਚਾਰ ਸਾਲ ਬਾਅਦ ਜਨਵਰੀ 2024 ’ਚ ਇਹ ਵਧ ਕੇ 45.2٪ ਜਾਂ 293,950 ਡਾਲਰ ਤੱਕ ਪਹੁੰਚ ਗਿਆ ਹੈ।
ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਇਸ ਸਾਲ ਜਨਵਰੀ ਤੱਕ ਕੈਪੀਟਲ ਸਿਟੀ ਦੇ ਘਰਾਂ ਦੀਆਂ ਕੀਮਤਾਂ ਵਿੱਚ 33.9٪ ਜਾਂ 239,000 ਡਾਲਰ ਦਾ ਵਾਧਾ ਹੋਇਆ ਹੈ। ਪਰ ਇਸੇ ਦੌਰਾਨ ਯੂਨਿਟ ਮੁੱਲ ਸਿਰਫ਼ 11.2٪ ਜਾਂ 65,235 ਵਧੇ ਹਨ। ਉਮੀਦ ਅਨੁਸਾਰ ਇਹ ਫ਼ਰਕ ਸਿਡਨੀ ਵਿੱਚ ਸਭ ਤੋਂ ਵੱਧ ਹੈ ਜਿੱਥੇ ਔਸਤਨ ਘਰ ਦੀ ਕੀਮਤ ਔਸਤ ਅਪਾਰਟਮੈਂਟ ਨਾਲੋਂ ਲਗਭਗ 567,000 ਡਾਲਰ ਵੱਧ ਹੈ। ਪ੍ਰਤੀਸ਼ਤ ਦੇ ਹਿਸਾਬ ਨਾਲ, ਸਿਡਨੀ ਦਾ ਪ੍ਰੀਮੀਅਮ ਵੀ ਰਾਸ਼ਟਰੀ ਪੱਧਰ ‘ਤੇ 30.4٪ ਦੇ ਮੁਕਾਬਲੇ 68.4٪ ਹੈ।
ਇਸ ਦੌਰਾਨ ਇੱਕ ਸਰਵੇਖਣ ਅਨੁਸਾਰ ਜ਼ਿਆਦਾਤਰ ਆਸਟ੍ਰੇਲੀਆਈ ਟਾਊਨਹਾਊਸ ਜਾਂ ਅਪਾਰਟਮੈਂਟ ਦੀ ਬਜਾਏ ਇੱਕ ਵੱਖਰੇ ਘਰ ਵਿੱਚ ਰਹਿਣ ਨੂੰ ਤਰਜੀਹ ਦਿੰਦੇ ਹਨ, ਜਿਸ ਦਾ ਬੈਕਯਾਰਡ ਹੋਵੇ। ਦਰਅਸਲ, ਮਹਾਂਮਾਰੀ ਦੇ ਦੌਰਾਨ, ਇੱਕ ਵੈਸਟਪੈਕ ਸਰਵੇਖਣ ਤੋਂ ਪਤਾ ਚੱਲਿਆ ਕਿ 77٪ ਆਸਟ੍ਰੇਲੀਆਈ ਬੈਕਯਾਰਡ ਵਾਲਾ ਘਰ ਚਾਹੁੰਦੇ ਸਨ। ਵੈਸਟਪੈਕ ਦੇ ਸੀਨੀਅਰ ਅਰਥਸ਼ਾਸਤਰੀ ਮੈਥਿਊ ਹਸਨ ਦੇ ਅਨੁਸਾਰ, ਅਪਾਰਟਮੈਂਟਾਂ ਦੀ ਉਸਾਰੀ ਕੁਆਲਿਟੀ ਅਤੇ ਜਲਣਸ਼ੀਲ ਸਮੱਗਰੀ ਦੀ ਵਰਤੋਂ ਬਾਰੇ ਚਿੰਤਾਵਾਂ ਨੇ ਅਪਾਰਟਮੈਂਟਾਂ ਪ੍ਰਤੀ ਲੋਕਾਂ ਦੀ ਨਾਪਸੰਦੀ ਵਿੱਚ ਯੋਗਦਾਨ ਪਾਇਆ ਹੈ।