ਮੈਲਬਰਨ: ਸਿਡਨੀ ਦੇ ਉੱਤਰ ਵਿਚ ਇਕ ਪ੍ਰਾਇਮਰੀ ਸਕੂਲ ਉਨ੍ਹਾਂ ਚਾਰ ਹੋਰ ਥਾਵਾਂ ਵਿਚੋਂ ਇਕ ਹੈ ਜਿਨ੍ਹਾਂ ’ਚ ਕੈਂਸਰਕਾਰਕ ਐਸਬੈਸਟੋਸ ਮਿਲਿਆ ਹੈ। ਹੁਣ ਤਕ ਦੀ ਸਭ ਤੋਂ ਵੱਡੀ ਟੈਸਟ ਮੁਹਿੰਮ ਚਲਾ ਰਹੀ NSW ਵਾਤਾਵਰਣ ਸੁਰੱਖਿਆ ਏਜੰਸੀ ਨੇ ਸਨਿੱਚਰਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਉੱਤਰੀ ਸਿਡਨੀ ਦੇ ਐਲੰਬੀ ਹਾਈਟਸ ਪਬਲਿਕ ਸਕੂਲ ’ਚ, ਸਿਡਨੀ ਦੇ ਦੱਖਣ-ਪੱਛਮ ’ਚ ਸਥਿਤ ਦੋ ਉਸਾਰੀ ਅਧੀਨ ਰਿਹਾਇਸ਼ੀ ਅਸਟੇਟਸ ਅਤੇ ਮਿੱਲਰ ਪੁਆਇੰਟ ਵਿਖੇ ਮੁੰਨ ਪਾਰਕ ’ਚ ਐਸਬੈਸਟੋਸ ਮਿਲੀ ਮਲਚ ਵਿਛਾਈ ਗਈ ਮਿਲੀ ਹੈ। ਇਨ੍ਹਾਂ ਥਾਵਾਂ ਨੂੰ ਪਹਿਲਾਂ ਹੀ ਜਨਤਕ ਪਹੁੰਚ ਤੋਂ ਦੂਰ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਲੀਵਰਪੂਲ ਵੈਸਟ ਪਬਲਿਕ ਸਕੂਲ ’ਚ ਵੀ ਸੋਮਵਾਰ ਨੂੰ ਐਸਬੈਸਟੋਸ ਮਿਲਿਆ ਸੀ ਜਿਸ ਤੋਂ ਬਾਅਦ ਸਕੂਲ ’ਚ ਛੁੱਟੀਆਂ ਕਰ ਦਿੱਤੀਆਂ ਗਈਆਂ ਸਨ।
ਜਨਵਰੀ ’ਚ ਇੱਕ ਪਾਰਕ ’ਚੋਂ ਐਸਬੈਸਟੋਸ ਮਿਲਣ ਤੋਂ ਬਾਅਦ ਸਿਡਨੀ ’ਚ ਹੁਣ ਤਕ 300 ਥਾਵਾਂ ’ਤੇ ਜਾਂਚ ਹੋ ਚੁੱਕੀ ਹੈ, ਜਿਨ੍ਹਾਂ ’ਚੋਂ 32 ਥਾਵਾਂ ’ਤੇ ਐਸਬੈਸਟੋਸ ਦੀ ਪੁਸ਼ਟੀ ਹੋ ਚੁੱਕੀ ਹੈ। ਯੂਨੀਵਰਸਿਟੀ ਆਫ਼ ਸਿਡਨੀ ’ਚ ਜਾਂਚ ਅਧੀਨ ਹੈ। ਸਿਡਨੀ ਦੇ ਓਲੰਪਿਕ ਪਾਰਕ, ਜਿੱਥੇ ਅਮਰੀਕੀ ਪੌਪਸਟਾਰ ਟੇਲਰ ਸਵਿਫਟ ਅਗਲੇ ਹਫਤੇ ਕਈ ਸ਼ੋਅ ਕਰਨ ਲਈ ਤਿਆਰ ਹੈ, ਦਾ ਵੀ ਐਸਬੈਸਟੋਸ ਪ੍ਰਦੂਸ਼ਣ ਲਈ ਟੈਸਟ ਕੀਤਾ ਜਾ ਰਿਹਾ ਹੈ। ਸਾਈਟ ਤੋਂ ਮਲਚ ਦੇ ਨਮੂਨੇ ਦੀ ਜਾਂਚ ਕੱਲ੍ਹ ਕੀਤੀ ਗਈ ਸੀ ਪਰ ਕੁਝ ਵੀ ਨਹੀਂ ਮਿਲਿਆ, ਹਾਲਾਂਕਿ ਪੁਸ਼ਟੀ ਕਰਨ ਲਈ ਦੂਜੀ ਵਾਰੀ ਜਾਂਚ ਕੀਤੀ ਜਾਵੇਗੀ। ਟੇਲਰ ਸਵਿਫ਼ਟ ਸ਼ੁੱਕਰਵਾਰ, 23 ਫਰਵਰੀ ਤੋਂ ਅਕੋਰ ਸਟੇਡੀਅਮ ਵਿੱਚ ਲਗਾਤਾਰ ਚਾਰ ਸ਼ੋਅ ਪੇਸ਼ ਕਰਨ ਲਈ ਤਿਆਰ ਹੈ। ਪ੍ਰਸ਼ੰਸਕਾਂ ਲਈ ਚੰਗੀ ਖ਼ਬਰ ਇਹ ਹੈ ਕਿ NSW ਦੇ ਵਾਤਾਵਰਣ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਟੈਸਟਿੰਗ ਦੇ ਬਾਵਜੂਦ ਗਾਇਕਾ ਦੇ ਸੰਗੀਤ ਸਮਾਰੋਹ ਰੋਕੇ ਨਹੀਂ ਜਾਣਗੇ।
ਜ਼ਿਕਰਯੋਗ ਹੈ ਕਿ ਐਸਬੈਸਟੋਸ 19ਵੀਂ ਸਦੀ ਦੇ ਅਖੀਰ ਵਿੱਚ ਸੀਮੈਂਟ ਨੂੰ ਮਜ਼ਬੂਤ ਕਰਨ ਅਤੇ ਅੱਗ-ਪਰੂਫ਼ਿੰਗ ਦੇ ਤਰੀਕੇ ਵਜੋਂ ਪ੍ਰਸਿੱਧ ਹੋ ਗਿਆ ਸੀ, ਪਰ ਬਾਅਦ ਵਿੱਚ ਖੋਜ ਦੌਰਾਨ ਪਾਇਆ ਗਿਆ ਕਿ ਐਸਬੈਸਟੋਸ ਫਾਈਬਰ ਦੇ ਸਾਹ ਲੈਣ ਨਾਲ ਫੇਫੜਿਆਂ ਦੀ ਸੋਜਸ਼ ਅਤੇ ਕੈਂਸਰ ਦਾ ਕਾਰਨ ਬਣ ਸਕਦਾ ਹੈ। ਹੁਣ ਦੁਨੀਆ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਇਸ ‘ਤੇ ਪਾਬੰਦੀ ਹੈ।