ਮੈਲਬਰਨ: ਅੰਕੁਰ ਛਾਬੜਾ ਨੇ ਆਪਣੇ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਕੁਝ ਸਕਿੰਟਾਂ ਵਿੱਚ ਗੁਆ ਦਿੱਤਾ ਜਦੋਂ ਉਹ ਸਮੁੰਦਰ ਕੰਢੇ ਆਏ ਇੱਕ ਰਿੱਪ ਵਿੱਚ ਫਸ ਗਏ ਸਨ, ਪਰ ਉਨ੍ਹਾਂ ਦਾ ਮੰਨਣਾ ਹੈ ਕਿ ਇਨ੍ਹਾਂ ਮੌਤਾਂ ਨੂੰ ਰੋਕਿਆ ਜਾ ਸਕਦਾ ਸੀ ਜੇ ਫਿਲਿਪ ਆੲਲੈਂਡ ਦੇ ਸਮੁੰਦਰੀ ਕੰਢੇ ‘ਤੇ ਚੇਤਾਵਨੀ ਦੇ ਜ਼ਿਆਦਾ ਸੰਕੇਤ ਹੁੰਦੇ ਜਿੱਥੇ ਉਹ ਡੁੱਬ ਗਏ ਸਨ।
ਮੈਲਬਰਨ ਦੇ ਦੱਖਣ-ਪੂਰਬ ਸਥਿਤ ਡਾਂਡੇਨੋਂਗ ਸਾਊਥ ਦੇ ਬੁਨੂਰੋਂਗ ਮੈਮੋਰੀਅਲ ਪਾਰਕ ‘ਚ ਅੰਤਿਮ ਸੰਸਕਾਰ ਦੌਰਾਨ ਸੈਂਕੜੇ ਲੋਕਾਂ ਨੇ ਵਿਛੜੀਆਂ ਰੂਹਾਂ ਨੂੰ ਅੰਤਮ ਵਿਦਾਇਗੀ ਦਿਤੀ ਗਈ। ਅੰਕੁਰ ਦੇ ਰਿਸ਼ਤੇਦਾਰ ਰੀਮਾ ਸੋਂਧੀ (43), ਜਗਜੀਤ ਸਿੰਘ ਆਨੰਦ (23), ਸੁਹਾਨੀ ਆਨੰਦ (20) ਅਤੇ ਕ੍ਰਿਤੀ ਬੇਦੀ (20) 25 ਜਨਵਰੀ ਨੂੰ ਨਿਊਹੈਵਨ ਦੇ ਫੋਰੈਸਟ ਗੁਫਾਜ਼ ਬੀਚ ਦੇ ਗੈਰ-ਗਸ਼ਤ ਖੇਤਰ ਵਿਚ ਤੈਰ ਰਹੇ ਸਨ ਜਦੋਂ ਇੱਕ ਵੱਡੀ ਲਹਿਰ ਨੇ ਉਨ੍ਹਾਂ ਨੂੰ ਸੁਮੰਦਰ ’ਚ ਖਿੱਚ ਲਿਆ। ਉਸ ਸਮੇਂ ਸਰਫਿੰਗ ਕਰ ਰਹੇ ਆਫ-ਡਿਊਟੀ ਲਾਈਫਸੇਵਰ ਮਦਦ ਲਈ ਪਹੁੰਚੇ ਅਤੇ ਪੈਰਾਮੈਡਿਕਸ ਦੇ ਪਹੁੰਚਣ ਤੱਕ ਸਮੂਹ ‘ਤੇ ਸੀ.ਪੀ.ਆਰ. ਵੀ ਕੀਤਾ। ਪਰ ਸੋਂਧੀ, ਬੇਦੀ ਅਤੇ ਸ਼ਿਵਮ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਸੁਹਾਨੀ ਦੀ ਹਸਪਤਾਲ ‘ਚ ਰਾਤ ਭਰ ਇਲਾਜ ਚੱਲਣ ਮਗਰੋਂ ਮੌਤ ਹੋ ਗਈ।
ਸਸਕਾਰ ਮੌਕੇ ਸ਼ਰਧਾਂਜਲੀ ਦੇ ਬੋਲ ਬੋਲਦਿਆਂ ਛਾਬੜਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਭੈਣ, ਭਤੀਜੀ, ਭਤੀਜੇ ਅਤੇ ਭਾਬੀ ਨੂੰ ਗੁਆ ਦਿੱਤਾ। ਉਨ੍ਹਾਂ ਕਿਹਾ ਕਿ ਸਮੁੰਦਰ ’ਚ ਡੁੱਬਣ ਦੇ ਇਸ 20 ਸਾਲਾਂ ਦੇ ਸਭ ਤੋਂ ਮਾੜੇ ਦੁਖਾਂਤ ਦੇ ਸਾਹਮਣੇ ਆਉਣ ਤੋਂ ਪਹਿਲਾਂ 9 ਮੈਂਬਰੀ ਪਰਿਵਾਰ ਸਮੁੰਦਰੀ ਕੰਢੇ ‘ਤੇ ਆਪਣੀ ਜ਼ਿੰਦਗੀ ਦਾ ਬਿਹਤਰੀਨ ਸਮਾਂ ਬਿਤਾ ਰਿਹਾ ਸੀ। ਜਦੋਂ ਉਹ ਰੇਤ ਵੱਲ ਵਾਪਸ ਆ ਰਹੇ ਸਨ, ਤਾਂ ਕੁਝ ਲੋਕ ਇੱਕ ਦੂਜੇ ਦੇ ਹੱਥ ਫੜੇ ਸਨ, ਪਰ ਜਦੋਂ ਇੱਕ ਵੱਡੀ ਲਹਿਰ ਉਨ੍ਹਾਂ ਨਾਲ ਟਕਰਾਈ ਤਾਂ ਸਮੂਹ ਵੱਖ ਹੋ ਗਿਆ। ਛਾਬੜਾ ਨੇ ਕਿਹਾ, ‘‘ਉਹ ਸਾਰੇ ਬਹੁਤ ਘੱਟ ਉਮਰ ਦੇ ਸਨ, ਅਤੇ ਉਹ ਬਿਹਤਰ ਭਵਿੱਖ ਲਈ ਜਾਂ ਸਿਰਫ ਮੈਨੂੰ ਮਿਲਣ ਲਈ ਇੱਥੇ ਆਏ ਸਨ, ਅਤੇ ਕੁਝ ਸਕਿੰਟਾਂ ਵਿੱਚ ਅਸੀਂ ਸਾਰਿਆਂ ਨੂੰ ਗੁਆ ਦਿੱਤਾ। ਮੈਂ ਕੋਸ਼ਿਸ਼ ਕਰ ਰਿਹਾ ਹਾਂ ਕਿ ਮੈਂ ਰੋਵਾਂ ਨਾ ਅਤੇ ਖ਼ੁਦ ਨੂੰ ਸੰਭਾਲਾਂ ਕਿਉਂਕਿ ਮੈਂ ਆਪਣੀ ਪਤਨੀ ਦੀ ਵੀ ਦੇਖਭਾਲ ਕਰਨੀ ਹੈ।’’
ਰੀਮਾ ਆਪਣੇ ਪਰਿਵਾਰ ਨੂੰ ਮਿਲਣ ਲਈ ਭਾਰਤ ਤੋਂ ਆਸਟ੍ਰੇਲੀਆ ਪਹੁੰਚੀ ਸੀ। ਜਗਜੀਤ ਇੱਕ ਬਜ਼ੁਰਗਾਂ ਦੀ ਦੇਖਭਾਲ ਕਰਨ ਵਾਲਾ ਨਰਸ ਸੀ ਜਿਸ ਨੂੰ ਉਸ ਦੇ ਸਨੇਹੀਆਂ ਨੇ ‘ਸੋਨੇ ਦੇ ਦਿਲ ਵਾਲਾ’ ਦੱਸਿਆ ਸੀ। ਸੁਹਾਨੀ ਅਤੇ ਕੀਰਤੀ ਦੋਵੇਂ ਨਰਸਿੰਗ ਦੀ ਪੜ੍ਹਾਈ ਕਰ ਰਹੇ ਸਨ।
ਸਸਕਾਰ ਲਈ ਭਾਰਤ ਤੋਂ ਆਸਟ੍ਰੇਲੀਆ ਆਉਣ ਵਾਲੇ ਪਰਿਵਾਰ ਦੀ ਮਦਦ ਲਈ ਇੱਕ ਆਨਲਾਈਨ ਫੰਡਰੇਜ਼ਰ ਨੇ ਲਗਭਗ 83,000 ਡਾਲਰ ਇਕੱਠੇ ਕੀਤੇ ਹਨ। ਇਸ ਮੌਕੇ ਸ਼ਰਧਾਂਜਲੀ ਦਿੰਦਿਆਂ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਇਸ ਘਾਟੇ ਨਾਲ ਪਰਿਵਾਰਾਂ ਲਈ ਇਕ ਅਜਿਹਾ ਖਲਾਅ ਪੈਦਾ ਹੋ ਗਿਆ ਹੈ, ਜਿਸ ਨੂੰ ਕਦੇ ਵੀ ਪੂਰੀ ਤਰ੍ਹਾਂ ਭਰਿਆ ਨਹੀਂ ਜਾ ਸਕਦਾ। ਉਨ੍ਹਾਂ ਦੇ ਫੁਲ ਵਾਪਸ ਭਾਰਤ ਲਿਆ ਕੇ ਤਾਰੇ ਜਾਣਗੇ।
ਪਰਿਵਾਰ ਨੇ ਇਸ ਤਰ੍ਹਾਂ ਦੇ ਕਿਸੇ ਹੋਰ ਦੁਖਾਂਤ ਨੂੰ ਰੋਕਣ ਲਈ ਫੋਰੈਸਟ ਕੇਵਜ਼ ਬੀਚ ‘ਤੇ ਵੱਡੇ ਅਤੇ ਵਧੇਰੇ ਸੰਕੇਤ ਲਗਾਉਣ ਦੀ ਮੰਗ ਕੀਤੀ ਹੈ। ਫਿਲਿਪ ਆਈਲੈਂਡ ਨੇਚਰ ਪਾਰਕਸ ਨੇ ਕਿਹਾ ਕਿ ਫੋਰੈਸਟ ਕੇਵਜ਼ ਬੀਚ ‘ਤੇ ਦੋ ਐਂਟਰੀਆਂ ‘ਤੇ ਤੈਰਾਕੀ ਵਿਰੁੱਧ ਚੇਤਾਵਨੀ ਦੇ ਸੰਕੇਤ ਮੌਜੂਦ ਹਨ ਅਤੇ ਅਗਲੇ ਦੋ ਮਹੀਨਿਆਂ ਵਿਚ ਨਵੇਂ ਸੰਕੇਤ ਲਗਾਏ ਜਾਣ ਦੀ ਉਮੀਦ ਹੈ।