ਮੈਲਬਰਨ : ਆਸਟ੍ਰੇਲੀਆ ਦਿਵਸ ਭਲਕੇ ਹੈ, ਜਿਸ ਦਾ ਮਤਲਬ ਹੈ ਕਿ ਪੁਲਿਸ ਲੰਬੇ ਵੀਕਐਂਡ ਦੌਰਾਨ ਖਤਰਨਾਕ ਤਰੀਕੇ ਨਾਲ ਗੱਡੀਆਂ ਚਲਾਉਣ ਵਾਲਿਆਂ ਪ੍ਰਤੀ ਸਖ਼ਤੀ ਵਰਤਣ ਵਾਲੀ ਹੈ ਅਤੇ ਡਬਲ ਡੀਮੈਰਿਟ (Double Demerits) ਅਮਲ ’ਚ ਲਿਆਂਦੇ ਜਾਣਗੇ। ਹਰ ਸਟੇਟ ਅਤੇ ਟੈਰੀਟੋਰੀ ’ਚ ਡਬਲ ਡੀਮੈਰਿਟ ਕਦੋਂ ਅਤੇ ਕਿਸ ਤਰ੍ਹਾਂ ਲਾਗੂ ਹੋਣਗੇ ਇਸ ਬਾਰੇ ਜਾਣਕਾਰੀ ਹੇਠਾਂ ਲਿਖੀ ਹੈ:
ਨਿਊ ਸਾਊਥ ਵੇਲਜ਼ (NSW): NSW ਵਿੱਚ ਡਬਲ ਡੀਮੈਰਿਟ 25 ਜਨਵਰੀ ਨੂੰ 12am ਤੋਂ ਲਾਗੂ ਹੋਣਗੇ ਅਤੇ 28 ਜਨਵਰੀ ਦੀ ਅੱਧੀ ਰਾਤ ਤੱਕ ਜਾਰੀ ਰਹਿਣਗੇ। ਇਸ ਦੌਰਾਨ ਡਰਾਈਵਰਾਂ ਨੂੰ ਤੇਜ਼ ਰਫਤਾਰੀ, ਸੀਟਬੈਲਟ ਅਤੇ ਮੋਬਾਈਲ ਫੋਨ ਦੇ ਅਪਰਾਧਾਂ ਲਈ ਡਬਲ ਡੀਮੈਰਿਟ ਦਾ ਸਾਹਮਣਾ ਕਰਨਾ ਪਵੇਗਾ। ਜੁਰਮਾਨੇ ਦੀ ਰਕਮ ਦੁੱਗਣੀ ਨਹੀਂ ਕੀਤੀ ਜਾਵੇਗੀ। ਬਿਨਾਂ ਹੈਲਮੇਟ ਤੋਂ ਡਰਾਈਵਿੰਗ ਕਰਨ ‘ਤੇ ਵੀ ਡਬਲ ਡਿਮੈਰਿਟ ਪੁਆਇੰਟ ਲੱਗਣਗੇ।
ਆਸਟ੍ਰੇਲੀਆਈ ਰਾਜਧਾਨੀ ਖੇਤਰ (ACT): ACT ’ਚ ਵੀ ਨਿਊ ਸਾਊਥ ਵੇਲਜ਼ ਵਾਂਗ ਹੀ ਡਬਲ ਡੀਮੈਰਿਟ ਮਿਆਦ ਅਤੇ ਨਿਯਮਾਂ ਦੀ ਪਾਲਣਾ ਹੋਵੇਗੀ। ਇਹ 25 ਜਨਵਰੀ ਨੂੰ 12am ਤੋਂ ਲਾਗੂ ਹੋਣਗੇ ਅਤੇ 28 ਜਨਵਰੀ ਦੀ ਅੱਧੀ ਰਾਤ ਨੂੰ ਖਤਮ ਹੋਣਗੇ।
ਵੈਸਟਰਨ ਆਸਟ੍ਰੇਲੀਆ : ਵੈਸਟਰਨ ਆਸਟ੍ਰੇਲੀਆ ਵਿੱਚ ਇਸ ਸਾਲ ਆਸਟ੍ਰੇਲੀਆ ਦਿਵਸ ‘ਤੇ ਡਬਲ ਡੀਮੈਰਿਟ ਲਾਗੂ ਹੋਣਗੀਆਂ। ਇਹ ਵੀਰਵਾਰ, 25 ਜਨਵਰੀ ਤੋਂ ਲਾਗੂ ਹੋਣਗੇ ਅਤੇ ਐਤਵਾਰ, 28 ਜਨਵਰੀ ਤੱਕ ਜਾਰੀ ਰਹਿਣਗੇ। ਡਬਲ ਡੀਮੈਰਿਟ ਕਈ ਸੜਕ ਨਿਯਮਾਂ ‘ਤੇ ਲਾਗੂ ਹੁੰਦੀਆਂ ਹਨ ਜਿੰਨ੍ਹਾਂ ਵਿੱਚ ਸ਼ਾਮਲ ਹਨ:
- ਤੇਜ਼ ਰਫਤਾਰ
- ਸ਼ਰਾਬ ਪੀਣਾ ਜਾਂ ਨਸ਼ੀਲੀਆਂ ਦਵਾਈਆਂ ਨਾਲ ਗੱਡੀ ਚਲਾਉਣਾ
- ਸੀਟਬੈਲਟ ਨਾ ਪਹਿਨਣਾ ਅਤੇ/ਜਾਂ ਬੱਚੇ ਨੂੰ ਸੁਰੱਖਿਅਤ ਨਾ ਰੱਖਣਾ
- ਲਾਲ ਬੱਤੀ ਦੀ ਉਲੰਘਣਾ
- ਗੱਡੀ ਚਲਾਉਂਦੇ ਸਮੇਂ ਮੋਬਾਈਲ ਫ਼ੋਨ ਦੀ ਵਰਤੋਂ ਕਰਨਾ
- ਸਪੀਡ ਕੈਮਰੇ ਦੀ ਪਛਾਣ ਤੋਂ ਬਚਣ ਲਈ ਕਿਸੇ ਡਿਵਾਈਸ ਦੀ ਵਰਤੋਂ ਕਰ ਕੇ ਗੱਡੀ ਚਲਾਉਣਾ
- ਕਾਰ ਨੂੰ ਇਸ ਤਰੀਕੇ ਨਾਲ ਚਲਾਉਣਾ ਕਿ ਇਹ ਸਪੀਡ ਕੈਮਰੇ ਦੀ ਪਛਾਣ ਤੋਂ ਬਚ ਸਕੇ
ਕੁਈਨਜ਼ਲੈਂਡ : ਕੁਈਨਜ਼ਲੈਂਡ ਵਿੱਚ, ਇੱਕ ਡਬਲ ਡਿਮੈਰਿਟ ਪ੍ਰਣਾਲੀ ਪੂਰੇ ਸਾਲ ਲਾਗੂ ਰਹਿੰਦੀ ਹੈ। ਆਸਟ੍ਰੇਲੀਆ ਦਿਵਸ ਲਈ ਨਿਯਮ ਨਹੀਂ ਬਦਲਣਗੇ। ਜਿਹੜਾ ਵੀ ਵਿਅਕਤੀ ਬਾਰਾਂ ਮਹੀਨਿਆਂ ਦੀ ਮਿਆਦ ਵਿੱਚ ਵਾਰ-ਵਾਰ ਇੱਕੋ ਜੁਰਮ ਕਰਦਾ ਪਾਇਆ ਗਿਆ, ਉਸ ਨੂੰ ਡਬਲ ਡੀਮੈਰਿਟ ਦਾ ਸਾਹਮਣਾ ਕਰਨਾ ਪਵੇਗਾ। ਇਹ ਨਿਯਮ ਤੇਜ਼ ਰਫਤਾਰ, ਸੀਟਬੈਲਟ ਅਤੇ ਮੋਬਾਈਲ ਫੋਨ ਅਪਰਾਧਾਂ ਨੂੰ ਕਵਰ ਕਰਦਾ ਹੈ।
ਵਿਕਟੋਰੀਆ, ਸਾਊਥ ਆਸਟ੍ਰੇਲੀਆ, ਨੌਰਦਰਨ ਟੈਰੀਟੋਰੀ ਅਤੇ ਤਸਮਾਨੀਆ : ਵਿਕਟੋਰੀਆ, ਸਾਊਥ ਆਸਟ੍ਰੇਲੀਆ, ਤਸਮਾਨੀਆ ਅਤੇ ਨੌਰਦਰਨ ਟੈਰੀਟੋਰੀ ਵਿੱਚ ਡਬਲ ਡਿਮੈਰਿਟ ਪੁਆਇੰਟ ਲਾਗੂ ਨਹੀਂ ਹੁੰਦੇ। ਆਮ ਸੜਕ ਜੁਰਮਾਨੇ ਆਸਟ੍ਰੇਲੀਆ ਦਿਵਸ ‘ਤੇ ਲਾਗੂ ਹੋਣਗੇ।