ਪਿਤਾ ਦੀ ਇਸ ਇੱਕ ਭੁੱਲ ਨੇ ਲਈ ਸੀ ਆਰਿਕ ਦੀ ਜਾਨ, ਹੁਣ ਦੇਸ਼ ਭਰ ਦੇ ਮਾਪਿਆਂ ਨੂੰ ਜਾਗਰੂਕ ਕਰ ਰਿਹੈ ਹਸਨ

ਮੈਲਬਰਨ: ਇੱਕ ਸਾਲ ਪਹਿਲਾਂ ਆਪਣੇ ਬੇਟੇ ਆਰਿਕ ਨੂੰ ਮੰਦਭਾਗੀ ਘਟਨਾ ’ਚ ਸਦਾ ਲਈ ਗੁਆਉਣ ਵਾਲਾ ਹਸਨ ਆਸਟ੍ਰੇਲੀਆ ਸਰਕਾਰ ਨੂੰ ਅਪੀਲ ਕਰ ਰਿਹਾ ਹੈ ਕਿ ਪੂਰੇ ਦੇਸ਼ ਦੀਆਂ ਕਾਰਾਂ ’ਚ ਅਜਿਹਾ ਸਿਸਟਮ ਲਗਾਉਣਾ ਕਾਨੂੰਨੀ ਬਣਾਇਆ ਜਾਵੇ ਜਿਸ ਨਾਲ ਪਤਾ ਲੱਗ ਸਕੇ ਕਿ ਕਿਤੇ ਕੋਈ ਵਿਅਕਤੀ ਆਪਣੀ ਕਾਰ ’ਚ ਕਿਸੇ ਬੱਚੇ ਨੂੰ ਭੁੱਲ ਕੇ ਹੀ ਤਾਂ ਨਹੀਂ ਨਿਕਲ ਗਿਆ।

ਉਸ ਮੰਦਭਾਗੇ ਦਿਨ ਹਸਨ ਆਪਣੇ ਵੱਡੇ ਬੇਟੇ ਨੂੰ ਸਕੂਲ ਛੱਡ ਕੇ ਆਪਣੇ ਛੋਟੇ ਬੇਟੇ ਆਰਿਕ ਨੂੰ ਡੇਅ ਕੇਅਰ ਛੱਡਣ ਜਾ ਰਿਹਾ ਸੀ ਅਤੇ ਰਸਤੇ ’ਚ ਪੈਟਰੋਲ ਭਰਵਾਉਣ ਤੋਂ ਬਾਅਦ ਉਸ ਨੂੰ ਖ਼ਿਆਲ ਹੀ ਨਹੀਂ ਰਿਹਾ ਕਿ ਉਸ ਦਾ ਛੋਟਾ ਪੁੱਤਰ ਕਾਰ ਦੀ ਪਿਛਲੀ ਸੀਟ ’ਤੇ ਸੌਂ ਰਿਹਾ ਹੈ। ਬੇਧਿਆਨੀ ’ਚ ਹੀ ਉਹ ਘਰ ਵਲ ਮੁੜ ਗਿਆ ਅਤੇ ਕਾਰ ਘਰ ਬਾਹਰ ਧੁੱਪ ’ਚ ਖੜ੍ਹੀ ਕਰ ਕੇ ਖ਼ੁਦ ਇਕੱਲਾ ਹੀ ਅੰਦਰ ਆ ਗਿਆ। ਦੁਪਹਿਰ ਨੂੰ, ਜਦੋਂ ਹਸਨ ਆਪਣੇ ਵੱਡੇ ਬੇਟੇ ਨੂੰ ਸਕੂਲ ਤੋਂ ਲੈਣ ਗਿਆ, ਤਾਂ ਉਨ੍ਹਾਂ ਨੇ ਕਾਰ ਵਿੱਚ ਆਰਿਕ ਨੂੰ ਦੇਖਿਆ। ਪਰ ਉਦੋਂ ਤਕ ਬਹੁਤ ਦੇਰ ਹੋ ਚੁੱਕੀ ਸੀ।

ਹੁਣ, ਹਸਨ ਆਪਣੇ ਇਸ ਦਿਲ ਦਹਿਲਾ ਦੇਣ ਵਾਲੇ ਤਜਰਬੇ ਤੋਂ ਬਾਅਦ ਮਾਪਿਆਂ ਨੂੰ “forgotten baby syndrome” ਬਾਰੇ ਜਾਗਰੂਕਤਾ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਅਜਿਹੀ ਦੁਖਾਂਤ ਕਿਸੇ ਨਾਲ ਵੀ ਵਾਪਰ ਸਕਦੀ ਹੈ। ਅਮਰੀਕਾ ’ਚ ਪਿਛਲੇ 20 ਸਾਲਾਂ ਦੌਰਾਨ ਬੱਚਿਆਂ ਦੀ ਕਾਰ ’ਚ ਮੌਤ ਦੇ 800 ਮਾਮਲੇ ਸਾਹਮਣੇ ਆ ਚੁੱਕੇ ਹਨ। ਤਾਰਿਕ ਆਸਟ੍ਰੇਲੀਆ ’ਚ ਅਜਿਹੇ ਕਾਨੂੰਨ ਦੀ ਵੀ ਵਕਾਲਤ ਕਰ ਰਿਹਾ ਹੈ ਜੋ ਸਾਰੀਆਂ ਕਾਰਾਂ ਵਿੱਚ ਬੱਚਿਆਂ ਦਾ ਪਤਾ ਲਗਾਉਣ ਵਾਲੀ ਤਕਨਾਲੋਜੀ ਨੂੰ ਲਾਜ਼ਮੀ ਬਣਾ ਦੇਵੇਗਾ।

ਆਸਟ੍ਰੇਲੀਆ ਵਿਚ ਹਰ ਸਾਲ 5000 ਤੋਂ ਵੱਧ ਬੱਚਿਆਂ ਨੂੰ ਕਾਰ ਵਿਚ ਲਾਵਾਰਸ ਛੱਡੇ ਜਾਣ ਦੀਆਂ ਘਟਨਾਵਾਂ ਵਾਪਰਦੀਆਂ ਹਨ। ਹਾਲਾਂਕਿ ਕੁਝ ਨਵੀਆਂ ਕਾਰਾਂ, ਖਾਸ ਕਰਕੇ ਇਲੈਕਟ੍ਰਿਕ ਗੱਡੀਆਂ ਵਿੱਚ ਕਾਰਾਂ ’ਚ ਬੰਦ ਬੱਚਿਆਂ ਦੀ ਪਛਾਣ ਕਰਨ ਵਾਲੀ ਤਕਨਾਲੋਜੀ ਸ਼ਾਮਲ ਹੈ, ਪਰ ਅਜੇ ਤਕ ਵੀ ਇਸ ਨੂੰ ਆਸਟ੍ਰੇਲੀਆ ਵਿੱਚ ਲਾਜ਼ਮੀ ਸੁਰੱਖਿਆ ਵਿਸ਼ੇਸ਼ਤਾ ਨਹੀਂ ਬਣਾਇਆ ਗਿਆ ਹੈ। ਜਦਕਿ ਅਮਰੀਕਾ ਨੇ ਸਾਰੀਆਂ ਨਵੀਆਂ ਕਾਰਾਂ ‘ਚ ਅਜਿਹੀ ਤਕਨਾਲੋਜੀ ਨੂੰ ਲਾਜ਼ਮੀ ਬਣਾਉਣ ਲਈ ਕਾਨੂੰਨ ਪਾਸ ਕਰ ਦਿੱਤਾ ਹੈ। ਅਮਰੀਕਾ ਵਿਚ ਕੁਝ ਮਾਮਲਿਆਂ ਵਿਚ ਮਾਪਿਆਂ ਨੂੰ ਬੱਚਿਆਂ ਨੂੰ ਗਰਮ ਕਾਰਾਂ ਵਿਚ ਛੱਡਣ ਲਈ ਦੋਸ਼ੀ ਪਾਇਆ ਗਿਆ ਹੈ ਅਤੇ ਜੇਲ੍ਹ ਭੇਜ ਦਿੱਤਾ ਗਿਆ। ਹਾਲਾਂਕਿ, ਹਸਨ ਦੇ ਬੇਟੇ ਆਰਿਕ ਦੀ ਮੌਤ ਦੇ ਮਾਮਲੇ ਵਿੱਚ ਉਸ ਦੇ ਖਿਲਾਫ ਕੋਈ ਦੋਸ਼ ਨਹੀਂ ਲਗਾਇਆ ਗਿਆ ਸੀ।

ਹਸਨ ਦੀ ਕਹਾਣੀ ਅਜਿਹੀਆਂ ਤ੍ਰਾਸਦੀਆਂ ਨੂੰ ਰੋਕਣ ਲਈ ਬੱਚਿਆਂ ਦੀ ਮੌਜੂਦਗੀ ਦਾ ਪਤਾ ਲਗਾਉਣ ਵਾਲੇ ਉਪਕਰਨਾਂ ਦੀ ਮਹੱਤਤਾ ਨੂੰ ਉਜਾਗਰ ਕਰਦੀ ਹੈ। ਜੇ ਡਰਾਈਵਰ ਬੱਚੇ ਦੀ ਸੀਟ ਨੂੰ ਖੋਲ੍ਹੇ ਬਿਨਾਂ ਕਾਰ ਤੋਂ ਦੂਰ ਚਲਾ ਜਾਂਦਾ ਹੈ ਤਾਂ ਇਹ ਉਪਕਰਨ ਡਰਾਈਵਰ ਦੇ ਸਮਾਰਟਫੋਨ ਐਪ ‘ਤੇ ਅਲਰਟ ਭੇਜ ਸਕਦੇ ਹਨ ਜਾਂ ਅਲਾਰਮ ਵਜਾ ਸਕਦੇ ਹਨ। ਹਸਨ ਨੇ ਇਹ ਜਾਣ ਕੇ ਦੁੱਖ ਜ਼ਾਹਰ ਕੀਤਾ ਕਿ ਅਜਿਹੇ ਉਪਕਰਣ 40 ਡਾਲਰ ਤੋਂ ਵੀ ਘੱਟ ਕੀਮਤ ‘ਤੇ ਆਨਲਾਈਨ ਉਪਲਬਧ ਹਨ, ਜਿਸ ਨੂੰ ਉਹ ਸਮੇਂ ਸਿਰ ਪ੍ਰਾਪਤ ਨਹੀਂ ਕਰ ਸਕਿਆ।

Leave a Comment