ਮੈਲਬਰਨ: ਇੰਗਲੈਂਡ ਦੇ 20 ਸਾਲਾਂ ਦੇ ਆਫ਼ ਸਪਿੱਨਰ ਸ਼ੋਏਬ ਬਸ਼ੀਰ ਨੂੰ ਟੈਸਟ ਸੀਰੀਜ਼ ਤੋਂ ਪਹਿਲਾਂ ਭਾਰਤ ਆਉਣ ਲਈ ਵੀਜ਼ਾ ਨਾ ਮਿਲਣ ਕਾਰਨ ਲੰਡਨ ਪਰਤਣ ਲਈ ਮਜਬੂਰ ਹੋਣਾ ਪਿਆ ਹੈ। ਭਾਰਤ ਆਉਣ ਲਈ ਹੁਣ ਉਸ ਨੂੰ ਆਪਣੇ ਵੀਜ਼ਾ ’ਤੇ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਤੋਂ ਮੋਹਰ ਲਗਵਾਉਣੀ ਪਵੇਗੀ, ਜਿਸ ਕਾਰਨ ਉਸ ਦਾ 25 ਜਨਵਰੀ ਨੂੰ ਸ਼ੁਰੂ ਹੋ ਰਹੇ ਪਹਿਲੇ ਟੈਸਟ ਖੇਡਣਾ ਲਗਭਗ ਰੱਦ ਹੋ ਗਿਆ ਹੈ।
ਬਸ਼ੀਰ – ਜਿਸ ਦਾ ਜਨਮ ਇੰਗਲੈਂਡ ਵਿੱਚ ਹੋਇਆ ਸੀ ਪਰ ਉਸ ਦੇ ਮਾਤਾ-ਪਿਤਾ ਪਾਕਿਸਤਾਨੀ ਮੂਲ ਦੇ ਹਨ – ਹੁਣ ਤਕ ਯੂ.ਏ.ਈ. ਵਿੱਚ ਟਰੇਨਿੰਗ ਕੈਂਪ ’ਚ ਸੀ। ਇੰਗਲੈਂਡ ਦੇ ਕੋਚ ਬ੍ਰੈਂਡਨ ਮੈਕੁਲਮ ਨੇ ਪੁਸ਼ਟੀ ਕੀਤੀ ਹੈ ਕਿ ਇੰਗਲੈਂਡ ਕ੍ਰਿਕਟ ਬੋਰਡ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ। ਕਪਤਾਨ ਬੇਨ ਸਟੋਕਸ ਨੇ ਕਿਹਾ, ‘‘ਬੜੀ ਨਿਰਾਸ਼ਾਜਨਕ ਗੱਲ ਹੈ ਕਿ ਅਸੀਂ ਇੱਕ ਖਿਡਾਰੀ ਨੂੰ ਚੁਣਿਆ ਹੈ ਅਤੇ ਉਹ ਵੀਜ਼ਾ ਦੀ ਸਮੱਸਿਆ ਕਾਰਨ ਸਾਡੇ ਨਾਲ ਨਹੀਂ ਆ ਸਕਿਆ। ਇਹ ਬਹੁਤ ਨਿਰਾਸ਼ਾਜਨਕ ਸਥਿਤੀ ਹੈ।’’ ਜਦਕਿ ਯੂ.ਕੇ. ਦੇ ਮੀਡੀਆ ਨੇ ਭਾਰਤ ਵਿਰੁਧ ਸਖ਼ਤ ਟਿੱਪਣੀਆਂ ਕੀਤੀਆਂ ਹਨ। ‘ਡੇਲੀ ਮੇਲ’ ਨੇ ਆਪਣੇ ਖੇਡਾਂ ਵਾਲੇ ਪੰਨੇ ’ਤੇ ਲਿਖਿਆ ਹੈ, ‘‘ਭਾਰਤ ਨੇ ਹੁਣ ਇਹ ਤੈਅ ਕਰਨ ਦਾ ਤਰੀਕਾ ਲੱਭ ਲਿਆ ਹੈ ਕਿ ਕਿਹੜਾ ਖਿਡਾਰੀ ਇੰਗਲੈਂਡ ਦੀ ਟੀਮ ਲਈ ਖੇਡੇਗਾ ਅਤੇ ਕਿਹੜਾ ਨਹੀਂ।’’
ਬਸ਼ੀਰ ਹੀ ਨਹੀਂ ਪਿਛਲੇ ਸਾਲ ਅਤੇ 2011 ਵਿੱਚ ਚੈਂਪੀਅਨਜ਼ ਲੀਗ ਟੀ-20 ਟੂਰਨਾਮੈਂਟ ਲਈ ਆਸਟ੍ਰੇਲੀਆ ਦੇ ਖਿਡਾਰੀ ਉਸਮਾਨ ਖਵਾਜਾ ਨੂੰ ਵੀ ਇਸੇ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਉਹ ਵੀ ਪਾਕਿਤਸਾਨੀ ਮੂਲ ਦਾ ਹੈ। ਪਿਛਲੇ ਸਾਲ ਦੇ ਆਸਟ੍ਰੇਲੀਆ ਦੇ ਭਾਰਤ ਦੌਰੇ ਲਈ ਵੀਜ਼ਾ ਪ੍ਰਾਪਤ ਕਰਨ ਵਿੱਚ ਉਸ ਨੂੰ ਹੋਰਨਾਂ ਖਿਡਾਰੀਆਂ ਤੋਂ ਲੰਮੀ ਦੇਰੀ ਹੋਈ ਸੀ। ਆਖਰਕਾਰ ਖਵਾਜਾ ਦੇ ਭਾਰਤ ਵਿੱਚ ਆਪਣੇ ਸਾਥੀਆਂ ਨਾਲ ਸ਼ਾਮਲ ਹੋਣ ਲਈ ਸਮੇਂ ਸਿਰ ਮਸਲਾ ਹੱਲ ਹੋ ਗਿਆ।