ਨਹੀਂ ਰਿਹਾ ਆਸਟ੍ਰੇਲੀਆ ਦਾ ਸਭ ਤੋਂ ਬਦਨਾਮ ਪੁਲਿਸ ਅਧਿਕਾਰੀ, ਜਾਣੋ ਰੋਜਰ ਰੋਜਰਸਨ ਦਾ ਮੈਡਲ ਪ੍ਰਾਪਤ ਕਰਨ ਤੋਂ ਜੇਲ੍ਹ ਤਕ ਦਾ ਸਫ਼ਰ

ਮੈਲਬਰਨ: ਆਸਟ੍ਰੇਲੀਆ ਦੇ ਸਾਬਕਾ ਪੁਲਿਸ ਅਧਿਕਾਰੀ ਰੋਜਰ ਰੋਜਰਸਨ ਦੀ ਵੀਰਵਾਰ ਨੂੰ ਸਿਡਨੀ ਦੇ ਪ੍ਰਿੰਸ ਆਫ ਵੇਲਜ਼ ਹਸਪਤਾਲ ਵਿੱਚ ਮੌਤ ਹੋ ਗਈ। ਵੀਰਵਾਰ ਨੂੰ ਲੌਂਗ ਬੇ ਜੇਲ੍ਹ ਵਿੱਚ ਦਿਮਾਗ ਦੇ ਐਨਿਊਰਿਜ਼ਮ ਤੋਂ ਪੀੜਤ ਹੋਣ ਤੋਂ ਬਾਅਦ ਉਸ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ। ਸ਼ੁੱਕਰਵਾਰ ਸਵੇਰੇ ਕਰੀਬ 11:30 ਵਜੇ ਲਾਈਫ ਸਪੋਰਟ ਬੰਦ ਹੋਣ ਤੋਂ ਬਾਅਦ ਐਤਵਾਰ ਰਾਤ ਕਰੀਬ 11 ਵਜੇ ਹਸਪਤਾਲ ‘ਚ ਉਸ ਦੀ ਮੌਤ ਹੋ ਗਈ।

NSW ਦਾ ਇਹ ਸਾਬਕਾ ਜਾਸੂਸ 2014 ਵਿੱਚ ਸਿਡਨੀ ਦੇ ਡਰੱਗ ਡੀਲਰ ਜੇਮੀ ਗਾਓ ਦੇ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ। ਰੋਜਰਸਨ ਨੇ ਹਮੇਸ਼ਾ ਆਪਣੀ ਬੇਗੁਨਾਹੀ ਦੀ ਦਲੀਲ ਦਿੱਤੀ ਹੈ ਅਤੇ ਦਾਅਵਾ ਕੀਤਾ ਕਿ ਉਹ ਆਪਣੇ ਸਾਥੀ ਸਾਬਕਾ ਜਾਸੂਸ ਗਲੇਨ ਮੈਕਨਾਮਾਰਾ ਵੱਲੋਂ 20 ਸਾਲ ਦੇ ਨੌਜਵਾਨ ਦਾ ਕਤਲ ਕਰਨ ਦੀ ਯੋਜਨਾ ਤੋਂ ਅਣਜਾਣ ਸੀ।

ਗਾਓ ਨੂੰ ਲਾਲਚ ਦੇ ਕੇ ਸ਼ਹਿਰ ਦੇ ਦੱਖਣ ਵਿਚ ਇਕ ਹਨੇਰੇ ਸਟੋਰੇਜ ਸ਼ੈੱਡ ਵਿਚ ਲਿਜਾਇਆ ਗਿਆ ਅਤੇ ਗੋਲੀ ਮਾਰ ਦਿੱਤੀ ਗਈ। ਦੋਵੇਂ ਸਾਬਕਾ ਪੁਲਿਸ ਅਧਿਕਾਰੀਆਂ ਨੇ ਉਸ ਦੀ ਲਾਸ਼ ਨੂੰ ਸਮੁੰਦਰ ਵਿਚ ਸੁੱਟ ਕੇ ਸਬੂਤ ਮਿਟਾਉਣ ਦੀ ਕੋਸ਼ਿਸ਼ ਵੀ ਕੀਤੀ।

ਸਜ਼ਾ ਸੁਣਾਉਂਦੇ ਹੋਏ ਜੱਜ ਨੇ ਕਿਹਾ ਕਿ ਹਾਲਾਂਕਿ ਰੋਜਰਸਨ ਦੇ ਕੱਪੜਿਆਂ ‘ਤੇ ਗੋਲੀਆਂ ਦਾ ਬਾਰੂਦ ਮਿਲਣ ਨਾਲ ਇਸ ਸੰਭਾਵਨਾ ਵੱਲ ਇਸ਼ਾਰਾ ਹੁੰਦਾ ਹੈ ਕਿ ਉਸ ਨੇ ਗੋਲੀ ਚਲਾਈ ਸੀ ਪਰ ਇਹ ਪੱਕਾ ਨਹੀਂ ਕਿਹਾ ਜਾ ਸਕਦਾ ਕਿ ਗੋਲੀ ਕਿਸ ਨੇ ਚਲਾਈ।

28 ਸਾਲਾਂ ਦੇ NSW ਪੁਲਿਸ ਕੈਰੀਅਰ ਦੌਰਾਨ ਨਾਇਕ ਅਤੇ ਖਲਨਾਇਕ ਦੋਵੇਂ ਰੂਪ ਦਿਸਣ ਵਾਲੇ ਰੋਜਰਸਨ ਨੂੰ ਇੱਕ ਸਮੇਂ ਫੋਰਸ ਦਾ ਸਭ ਤੋਂ ਸਨਮਾਨਿਤ ਅਧਿਕਾਰੀ ਮੰਨਿਆ ਜਾਂਦਾ ਸੀ। ਉਸ ਨੂੰ 1980 ਵਿੱਚ ਸ਼ਾਨਦਾਰ ਪੁਲਿਸ ਕੰਮ ਲਈ ਪ੍ਰਸਿੱਧ ਪੀਟਰ ਮਿਸ਼ੇਲ ਅਵਾਰਡ ਦਿੱਤਾ ਗਿਆ ਸੀ ਪਰ ਇਸ ਤੋਂ ਛੇ ਸਾਲਾਂ ਦੇ ਅੰਦਰ ਹੀ ਉਹ ਬਦਨਾਮ ਹੋ ਗਿਆ।

1981 ਵਿੱਚ, ਉਸ ਨੂੰ ਇੱਕ ਹੋਰ ਨੌਜਵਾਨ ਡਰੱਗ ਡੀਲਰ, ਵਾਰੇਨ ਲਾਂਫ੍ਰਾਂਚੀ ਦਾ ਗੋਲੀ ਮਾਰ ਕੇ ਕਤਲ ਕਰਨ ਲਈ ਜ਼ਿੰਮੇਵਾਰ ਪਾਇਆ ਗਿਆ ਸੀ, ਪਰ ਮੰਨਿਆ ਜਾਂਦਾ ਹੈ ਕਿ ਉਸ ਨੇ ਡਿਊਟੀ ਦੌਰਾਨ ਇਹ ਕੰਮ ਕੀਤਾ ਸੀ। ਹਾਲਾਂਕਿ, ਲਾਨਫ੍ਰਾਂਚੀ ਦੀ ਪ੍ਰੇਮਿਕਾ, ਸੈਕਸ ਵਰਕਰ ਸੈਲੀ-ਐਨ ਹਕਸਟੇਪ ਨੇ ਤੁਰੰਤ ਬਾਅਦ ਦੋਸ਼ ਲਾਇਆ ਕਿ ਰੋਜਰਸਨ ਨੇ ਭ੍ਰਿਸ਼ਟ ਪੁਲਿਸ ਨਾਲ ਜੁੜੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਵਿਵਾਦ ਨੂੰ ਲੈ ਕੇ ਜਾਣਬੁੱਝ ਕੇ ਉਸ ਦਾ ਕਤਲ ਕੀਤਾ। ਬਾਅਦ ਵਿਚ ਹਕਸਟੇਪ ਦੀ ਲਾਸ਼ ਵੀ ਪਾਣੀ ’ਚ ਡੁੱਬੀ ਹੋਈ ਮਿਲੀ। ਉਸ ਦੇ ਕਤਲ ਦੀ ਜਾਂਚ ਅਜੇ ਵੀ ਅਣਸੁਲਝੀ ਹੈ।

ਰੋਜਰਸਨ ’ਤੇ NSW ਦੇ ਅੰਡਰਕਵਰ ਓਪਰੇਟਿਵ ਮਾਈਕਲ ਡਰੂਰੀ ਦਾ ਕਤਲ ਕਰਨ ਦੀ ਕੋਸ਼ਿਸ਼ ਦਾ ਵੀ ਦੋਸ਼ ਲਾਇਆ ਗਿਆ ਜਦੋਂ ਇੱਕ ਹੋਰ ਜਾਸੂਸ ਮਾਈਕਲ ਡਰੂਰੀ ਨੇ ਹੈਰੋਇਨ ਤਸਕਰੀ ਦੇ ਮੁਕੱਦਮੇ ਵਿੱਚ ਸਬੂਤਾਂ ਨਾਲ ਛੇੜਛਾੜ ਕਰਨ ਦੇ ਬਦਲੇ ਰਿਸ਼ਵਤ ਲੈਣ ਤੋਂ ਇਨਕਾਰ ਕਰ ਦਿੱਤਾ।

ਡਰੂਰੀ ਨੂੰ ਸਿਡਨੀ ਦੇ ਉੱਤਰੀ ਕੰਢੇ ‘ਤੇ ਉਸ ਦੇ ਘਰ ਦੀ ਰਸੋਈ ਦੀ ਖਿੜਕੀ ਵਿਚੋਂ ਦੋ ਵਾਰ ਗੋਲੀ ਮਾਰ ਦਿੱਤੀ ਗਈ ਸੀ। ਰੋਜਰਸਨ ‘ਤੇ ਦੋਸ਼ ਲਗਾਇਆ ਗਿਆ ਸੀ ਅਤੇ ਆਖਰਕਾਰ 1989 ਵਿਚ ਹਮਲੇ ਤੋਂ ਬਰੀ ਕਰ ਦਿੱਤਾ ਗਿਆ ਸੀ, ਪਰ ਉਦੋਂ ਤੱਕ ਉਸ ਨੂੰ ਝੂਠੇ ਨਾਮ ਨਾਲ ਬੈਂਕ ਖਾਤਿਆਂ ਵਿਚ 110,000 ਡਾਲਰ ਜਮ੍ਹਾ ਕਰਵਾਉਣ ਲਈ ਫੋਰਸ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ।

ਰੋਜਰਸਨ ਦੀ ਜ਼ਿੰਦਗੀ ਟੀ.ਵੀ. ਸੀਰੀਅਲ ਵੀ ਬਣ ਚੁੱਕੇ ਹਨ। ਰਿਚਰਡ ਰੌਕਸਬਰਗ ਨੇ 1995 ਦੀ ਮਿੰਨੀ ਸੀਰੀਜ਼ ‘ਬਲੂ ਮਰਡਰ’ ਅਤੇ ਇਸ ਦੇ 2017 ਦੇ ਲੜੀਵਾਰ ‘ਬਲੂ ਮਰਡਰ: ਕਿਲਰ ਕੌਪ’ ਵਿੱਚ ਰੋਜਰਸਨ ਦਾ ਕਿਰਦਾਰ ਨਿਭਾਇਆ ਸੀ।

Leave a Comment