7 ਸਾਲਾਂ ਦਾ ਹੈਰੀ ਬਣਿਆ ‘ਲੀਜੈਂਡ’, ਜਾਣੋ ਕਿਵੇਂ ਬਚਾਈ ਪਿਤਾ ਦੀ ਜਾਨ

ਮੈਲਬਰਨ: ਸੱਤ ਸਾਲ ਦੀ ਛੋਟੀ ਜਿਹੀ ਉਮਰ ’ਚ ਹੈਰੀ ਕੁੱਝ ਅਜਿਹਾ ਕਰ ਵਿਖਾਇਆ ਹੈ ਜਿਸ ਲਈ ਉਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਗੀਲੋਂਗ ‘ਚ ਹੈਰੀ ਦੀ ਬਦੌਲਤ ਉਸ ਦੇ ਪਿਤਾ ਦੀ ਜਾਨ ਬਚ ਸਕੀ। ਜਦੋਂ ਉਸ ਦੇ ਪਿਤਾ ਨਿਕ ਵਿਲਸਨ ਸੜਕ ’ਤੇ ਅਚਾਨਕ ਡਿੱਗ ਪਏ।

ਪਰ ਹੈਰੀ ਆਪਣੇ ਪਿਤਾ ਦੀ ਹਾਲਤ ਨੂੰ ਪਛਾਣਦਿਆਂ ਬਿਲਕੁਲ ਨਾ ਘਬਰਾਇਆ ਅਤੇ ਟ੍ਰਿਪਲ-0 ‘ਤੇ ਕਾਲ ਕਰ ਕੇ ਆਪਣੀ ਸਹੀ ਥਾਂ ਬਾਰੇ ਦੱਸ ਕੇ ਪੈਰਾਮੈਡੀਕਲ ਸੱਦ ਲਏ। ਇਹੀ ਨਹੀਂ ਉਸ ਨੇ ਪੈਰਾਮੈਡੀਕਲ ਸਟਾਫ ਦੇ ਨੇੜੇ ਪਹੁੰਚਣ ’ਤੇ ਉਨ੍ਹਾਂ ਨੂੰ ਸਹੀ ਥਾਂ ਤਕ ਪਹੁੰਚਣ ’ਚ ਮਦਦ ਕੀਤੀ ਅਤੇ ਆਪਣੇ ਪਿਤਾ ਤਕ ਲੈ ਆਇਆ। ਇਸ ਦੌਰਾਨ ਹੈਰੀ ਸ਼ਾਂਤ ਰਿਹਾ ਅਤੇ ਪੈਰਾਮੈਡਿਕਸ ਨੂੰ ਸਹੀ ਜਾਣਕਾਰੀ ਦਿੱਤੀ, ਜੋ ਉਸ ਨੇ ਹੋਰਸ਼ਮ ਦੇ ਆਪਣੇ ਸਕੂਲ ਵਿੱਚ ਐਂਬੂਲੈਂਸ ਵਿਕਟੋਰੀਆ ਵੱਲੋਂ ਚਲਾਏ ਗਏ ਇੱਕ ਵਿਦਿਅਕ ਕੋਰਸ ਦੌਰਾਨ ਪਿੱਛੇ ਜਿਹੇ ਹੀ ਸਿੱਖੀ ਸੀ।

ਵਿਲਸਨ ਨੇ ਆਪਣੇ ਬੇਟੇ ਦੀ ਤੇਜ਼ ਸੋਚ ਦੀ ਪ੍ਰਸ਼ੰਸਾ ਕੀਤੀ ਅਤੇ ਉਸ ਨੂੰ ‘ਲੀਜੈਂਡ’ ਕਿਹਾ। ਪੈਰਾਮੈਡੀਕਲ ਐਮੀ ਬ੍ਰਾਊਨ ਨੇ ਐਂਬੂਲੈਂਸ ਵਿਕਟੋਰੀਆ ਵੱਲੋਂ ਸਕੂਲਾਂ ਵਿੱਚ ਕਰਵਾਏ ਗਏ ਸਿੱਖਿਆ ਪ੍ਰੋਗਰਾਮਾਂ ਦੀ ਵੀ ਸ਼ਲਾਘਾ ਕੀਤੀ, ਜੋ ਬੱਚਿਆਂ ਨੂੰ ਸਿੱਖਿਅਤ ਕਰਨ ਅਤੇ ਐਮਰਜੈਂਸੀ ਦੌਰਾਨ ਉਨ੍ਹਾਂ ਦੇ ਡਰ ਨੂੰ ਘੱਟ ਕਰਨ ਵਿੱਚ ਸਹਾਇਤਾ ਕਰਦੇ ਹਨ।

Leave a Comment