ਮੈਲਬਰਨ: ਯੂਰਪੀਅਨ ਯੂਨੀਅਨ ਦੀ ਕੋਪਰਨਿਕਸ ਕਲਾਈਮੇਟ ਚੇਂਜ ਸਰਵਿਸ ਦੇ ਜਲਵਾਯੂ ਵਿਗਿਆਨੀਆਂ ਨੇ ਪੁਸ਼ਟੀ ਕੀਤੀ ਹੈ ਕਿ ਸਾਲ 2023 ਹੁਣ ਤਕ ਰਿਕਾਰਡ ਸਭ ਤੋਂ ਗਰਮ ਸਾਲ ਸੀ, ਜਿਸ ਦੌਰਾਨ ਗਲੋਬਲ ਤਾਪਮਾਨ ਅਸਾਧਾਰਣ ਤੌਰ ‘ਤੇ ਉੱਚ ਪੱਧਰ ‘ਤੇ ਪਹੁੰਚ ਗਿਆ ਸੀ। ਭਾਵੇਂ 2023 ਵਿਸ਼ਵ ਪੱਧਰ ‘ਤੇ ਰਿਕਾਰਡ ‘ਤੇ ਸਭ ਤੋਂ ਗਰਮ ਸਾਲ ਸੀ, ਪਰ ਫਿਰ ਵੀ ਦੁਨੀਆ ’ਚ ਹਰ ਥਾਂ ’ਤੇ ਤਾਪਮਾਨ ਸਿਖਰਾਂ ਨੂੰ ਨਹੀਂ ਛੂਹ ਸਕਿਆ। ਪਿਛਲਾ ਸਾਲ ਉੱਤਰੀ ਅਮਰੀਕਾ, ਦੱਖਣੀ ਅਮਰੀਕਾ ਅਤੇ ਅਫਰੀਕਾ ਲਈ ਸਭ ਤੋਂ ਗਰਮ ਸਾਲ ਰਿਹਾ, ਅਤੇ ਯੂਰਪ ਤੇ ਏਸ਼ੀਆ ਲਈ ਦੂਜਾ ਸਭ ਤੋਂ ਗਰਮ ਸਾਲ ਸੀ। ਹਾਲਾਂਕਿ, ਇਹ ਆਸਟ੍ਰੇਲੀਆ ਲਈ ਇਹ ਸਿਰਫ 15ਵਾਂ ਸਭ ਤੋਂ ਗਰਮ ਸਾਲ ਸੀ।
ਹਾਲਾਂਕਿ ਵਿਗਿਆਨੀਆਂ ਦਾ ਕਹਿਣਾ ਹੈ ਕਿ ਜ਼ਰੂਰੀ ਨਹੀਂ ਹੈ ਕਿ 2023 ਜੇਕਰ ਸਭ ਤੋਂ ਗਰਮ ਸਾਲ ਰਿਹਾ ਤਾਂ 2024 ਉਸ ਤੋਂ ਵੀ ਜ਼ਿਆਦਾ ਗਰਮ ਰਹੇ। ਹਾਲਾਂਕਿ ਅਗਲੇ ਦਹਾਕੇ ਦੇ ਵੱਧ ਗਰਮ ਹੋਣ ਦੀਆਂ ਸੰਭਾਵਨਾਵਾਂ ਜ਼ਿਆਦਾ ਹਨ। ਉੱਚ ਤਾਪਮਾਨ ਸਾਡੇ ਵਾਤਾਵਰਣ ਵਿੱਚ ਗ੍ਰੀਨਹਾਉਸ ਗੈਸਾਂ ਦੇ ਦੀ ਇਕਾਗਰਤਾ ਦੇ ਸਭ ਤੋਂ ਉੱਚੇ ਪੱਧਰਾਂ ਦੇ ਨਾਲ ਮੇਲ ਖਾਂਦਾ ਹੈ, ਜੋ ਮਨੁੱਖ ਵੱਲੋਂ ਪ੍ਰੇਰਿਤ ਜਲਵਾਯੂ ਤਬਦੀਲੀ ਦੇ ਨਤੀਜੇ ਵਜੋਂ ਗਲੋਬਲ ਵਾਰਮਿੰਗ ਦਾ ਸਪੱਸ਼ਟ ਸੰਕੇਤ ਹੈ। ਵਿਗਿਆਨੀ ਦਾ ਕਹਿਣਾ ਹੈ ਕਿ ਗ੍ਰੀਨਹਾਉਸ ਗੈਸਾਂ ਦੇ ਵੱਧ ਰਹੇ ਨਿਕਾਸ ਨੂੰ ਤੁਰੰਤ ਘਟਾਉਣ ਦੀ ਜ਼ਰੂਰਤ ਹੈ ਨਹੀਂ ਤਾਂ ਧਰਤੀ ਦਾ ਤਾਪਮਾਨ ਵਧਣਾ ਜਾਰੀ ਰਹੇਗਾ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਧਰਤੀ ਅਤੇ ਆਸਟ੍ਰੇਲੀਆ ਆਉਣ ਵਾਲੇ ਸਾਲਾਂ ’ਚ ਹੋਰ ਜ਼ਿਆਦਾ ਗਰਮ ਹੁੰਦੇ ਰਹਿਣਗੇ।