ਮੈਲਬਰਨ: ਸੋਸ਼ਲ ਮੀਡੀਆ ਕੰਪਨੀ TikTok ਵੱਲੋਂ ਟਰੈਕਿੰਗ ਟੂਲ ਦੀ ਵਰਤੋਂ ਦੀਆਂ ਖ਼ਬਰਾਂ ਨੇ ਆਸਟ੍ਰੇਲੀਆ ਵਿਚ ਸਾਈਬਰ ਸੁਰੱਖਿਆ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ।
ਮਾਰਕੀਟਿੰਗ ਸਲਾਹਕਾਰ ਕੰਪਨੀ ਸਿਵਿਕ ਡਾਟਾ ਵੱਲੋਂ ਕੀਤੀ ਗਈ ਜਾਂਚ ਵਿੱਚ ਪਾਇਆ ਗਿਆ ਕਿ TikTok ਦੀ ਮਲਕੀਅਤ ਵਾਲੇ ਇੱਕ ਟਰੈਕਿੰਗ ਟੂਲ ਨੇ ਪ੍ਰਯੋਗਕਰਤਾਵਾਂ ਦੀ ਸਹਿਮਤੀ ਤੋਂ ਬਗ਼ੈਰ ਹੀ ਡੇਟਾ ਇਕੱਤਰ ਕੀਤਾ ਸੀ। ਟਿਕਟਾਕ ’ਤੇ ਆਸਟ੍ਰੇਲੀਆਈ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਯੂਜ਼ਰਨੇਮ, ਈਮੇਲ ਅਤੇ ਸ਼ਾਪਿੰਗ ਪੈਟਰਨ ਸਮੇਤ ਹੋਰ ਵੇਰਵੇ ਇਕੱਠੇ ਕਰਨ ਦਾ ਦੋਸ਼ ਹੈ।
ਸ਼ੈਡੋ ਸਾਈਬਰ ਸੁਰੱਖਿਆ ਮੰਤਰੀ ਜੇਮਸ ਪੈਟਰਸਨ ਨੇ ਆਸਟ੍ਰੇਲੀਆ ਦੇ ਸੂਚਨਾ ਕਮਿਸ਼ਨਰ ਨੂੰ TikTok ਦੀ ਤੁਰੰਤ ਜਾਂਚ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਹਾਲਾਂਕਿ ਵੀਡੀਓ ਸ਼ੇਅਰਿੰਗ ਪਲੇਟਫਾਰਮ ਦੇ ਮਾਲਕ ਚੀਨੀ ਸਮੂਹ ਬਾਈਟਡਾਂਸ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਸ ਨੇ ਆਸਟ੍ਰੇਲੀਆ ਦੇ ਪਰਦੇਦਾਰੀ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸੇ ਸਾਲ ਅਪ੍ਰੈਲ ’ਚ ਸਰਕਾਰੀ ਮੁਲਾਜ਼ਮਾਂ ਵੱਲੋਂ ਟਿਕਟਾਕ ਦੀ ਵਰਤੋਂ ਕਰਨ ’ਤੇ ਪਾਬੰਦੀ ਲਾ ਦਿੱਤੀ ਸੀ।