ਪਹਿਲੀ ਵਾਰੀ ਵਿਕਰੀ ’ਤੇ ਲੱਗੀ ‘NSW 1’ ਨੰਬਰ ਪਲੇਟ ਨੇ ਤੋੜੇ ਸਾਰੇ ਰਿਕਾਰਡ, ਬੋਲੀ ਦੀ ਕੀਮਤ ਜਾਣੇ ਕੇ ਰਹਿ ਜਾਓਗੇ ਹੈਰਾਨ

ਮੈਲਬਰਨ: ਆਸਟ੍ਰੇਲੀਆ ਵਿਚ ਜਾਰੀ ਕੀਤੀ ਗਈ ਪਹਿਲੀ ਕਾਰ ਨੰਬਰ ਪਲੇਟ ਨਿਲਾਮੀ ਵਿਚ ਵੇਚੀ ਜਾ ਰਹੀ ਹੈ। ਭਾਵੇਂ ਇਸ ਦੀ ਵਿਕਰੀ ਲਈ ਅਜੇ ਇੱਕ ਮਹੀਨੇ ਤੋਂ ਵੱਧ ਸਮਾਂ ਬਾਕੀ ਹੈ ਪਰ ਜ਼ੋਰਦਾਰ ਬੋਲੀ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਅਤੇ 1 ਕਰੋੜ ਡਾਲਰ ਨੂੰ ਪਾਰ ਵੀ ਕਰ ਚੁੱਕੀ ਹੈ। ਨਿਊ ਸਾਊਥ ਵੇਲਜ਼ ਦੀ ਇਤਿਹਾਸਕ ‘NSW 1’ ਪਲੇਟ ਨੂੰ ਪਹਿਲੀ ਵਾਰੀ ਜਨਤਕ ਨਿਲਾਮੀ ਵਿਚ ਪੇਸ਼ ਕੀਤਾ ਗਿਆ ਅਤੇ 72 ਘੰਟਿਆਂ ਅੰਦਰ ਹੀ ਇਸ ਬੋਲੀ 1 ਕਰੋੜ ਡਾਲਰ ਤੋਂ ਵੱਧ ਚੁੱਕੀ ਹੈ। ਬੋਲੀ ਹੋਣ ਦੇ ਨਾਲ ਹੀ ਇਹ ਆਸਟ੍ਰੇਲੀਆ ਦੀ ਵਿਕਣ ਵਾਲੀ ਸਭ ਤੋਂ ਮਹਿੰਗੀ ਨੰਬਰ ਪਲੇਟ ਬਣ ਜਾਵੇਗੀ।

NSW 1 ਦਾ ਇਤਿਹਾਸ

ਮੰਨਿਆ ਜਾਂਦਾ ਹੈ ਕਿ ਇਹ ਨੰਬਰ ਪਲੇਟ ਆਸਟ੍ਰੇਲੀਆ ਵਿੱਚ ਕਿਸੇ ਗੱਡੀ ’ਤੇ ਲਗਾਈ ਗਈ ਪਹਿਲੀ ਰਜਿਸਟ੍ਰੇਸ਼ਨ ਪਲੇਟ ਸੀ ਜੋ 1910 ਵਿੱਚ NSW ਪੁਲਿਸ ਕਮਿਸ਼ਨਰ ਨੂੰ ਜਾਰੀ ਕੀਤੀ ਗਈ ਸੀ। ਇਹ ਤੋਂ ਬਾਅਦ 1930 ਦੇ ਦਹਾਕੇ ਤੱਕ ਇਹ NSW ਉਦਯੋਗਪਤੀ ਅਤੇ ਸਿਆਸਤਦਾਨ ਸਰ ਫਰੈਡਰਿਕ ਸਟੀਵਰਟ ਦੀ ਮਲਕੀਅਤ ਵਾਲੇ ਓਲਡਸਮੋਬਾਈਲ ‘ਤੇ ਸਜੀ। ਉਨ੍ਹਾਂ ਦੀ ਮੌਤ ਤੋਂ ਬਾਅਦ, ਨੰਬਰ ਪਲੇਟ ਉਨ੍ਹਾਂ ਦੀ ਵਿਧਵਾ, ਲੇਡੀ ਮਾਰਜੋਰੀ ਸਟੀਵਰਟ ਨੂੰ ਛੱਡ ਦਿੱਤੀ ਗਈ ਸੀ, ਜਿਨ੍ਹਾਂ ਨੇ 1980 ਦੇ ਦਹਾਕੇ ਦੌਰਾਨ ਇਸ ਨੂੰ ਆਪਣੀ ਫੋਰਡ ਫੇਅਰਮੌਂਟ ਅਤੇ ਹੋਰ ਕਾਰਾਂ ‘ਤੇ ਲਗਾਇਆ ਸੀ। ਉਨ੍ਹਾਂ ਨੇ 1988 ਵਿਚ NSW 1 ਲਈ 200,000 ਡਾਲਰ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ। ਸਾਲ 2017 ‘ਚ ‘NSW 4’ ਪਲੇਟ ਦੀ ਨਿਲਾਮੀ ਹੋਈ ਸੀ, ਜੋ 24.5 ਲੱਖ ਡਾਲਰ ‘ਚ ਵਿਕੀ ਸੀ।

ਲੌਇਡਜ਼ ਆਕਸ਼ਨਜ਼ ਦੇ ਮੁੱਖ ਸੰਚਾਲਨ ਅਧਿਕਾਰੀ ਲੀ ਹੈਮਸ ਨੇ ਕਿਹਾ ਕਿ ਆਸਟ੍ਰੇਲੀਆ ਵਿਚ ਸਭ ਤੋਂ ਪਸੰਦੀਦਾ ਅਤੇ ਵੱਕਾਰੀ ਨੰਬਰ ਪਲੇਟਾਂ ਨੂੰ ਸੁਰੱਖਿਅਤ ਕਰਨ ਦਾ ਇਹ ਸੱਚਮੁੱਚ ਜ਼ਿੰਦਗੀ ਵਿਚ ਇਕ ਵਾਰ ਮਿਲਣ ਵਾਲਾ ਮੌਕਾ ਹੈ। ਦੁਨੀਆ ਵਿਚ ਸਭ ਤੋਂ ਮਹਿੰਗੀ ਨੰਬਰ ਪਲੇਟ 2008 ਵਿਚ ਵੇਚੀ ਗਈ ਸੀ ਜਦੋਂ ਸੰਯੁਕਤ ਅਰਬ ਅਮੀਰਾਤ ਰਜਿਸਟ੍ਰੇਸ਼ਨ ‘1’ ਲਗਭਗ 20 ਕਰੋੜ 5 ਲੱਖ ਡਾਲਰ ਵਿਚ ਵਿਕਿਆ ਸੀ।