ਮੈਲਬਰਨ: ਆਸਟ੍ਰੇਲੀਆਈ ਫੈਡਰਲ ਪੁਲਿਸ (AFP) ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਕ੍ਰਿਸਮਸ ਦੇ ਮੌਸਮ ਵਿੱਚ ਬੱਚਿਆਂ ਲਈ ਗੇਮਿੰਗ ਕੰਸੋਲ ਅਤੇ ਸਮਾਰਟ ਉਪਕਰਣ (Safety when purchasing gaming consoles) ਖਰੀਦਦੇ ਸਮੇਂ ਆਨਲਾਈਨ ਸੁਰੱਖਿਆ ’ਤੇ ਵਿਚਾਰ ਕਰਨ। ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਡਿਵਾਈਸ, ਐਪਸ ਅਤੇ ਗੇਮਾਂ ’ਚ ਕੀ-ਕੀ ਕੀਤਾ ਜਾ ਸਕਦਾ ਹੈ, ਖਾਸ ਕਰ ਕੇ ਉਦੋਂ ਜਦੋਂ ਇਹ ਇੰਟਰਨੈੱਟ ਕਨੈਕਸ਼ਨ ਨਾਲ ਜੁੜੇ ਹੋਣ। AFP ਦੀ ਅਗਵਾਈ ਵਾਲੇ ਆਸਟ੍ਰੇਲੀਆਈ ਬਾਲ ਸੋਸ਼ਣ ਰੋਕੂ ਕੇਂਦਰ (ACCCE) ਅਤੇ ThinkUKnow ਪ੍ਰੋਗਰਾਮ ਵੱਲੋਂ ਵਿਕਸਿਤ ਹਦਾਇਤਾਂ ਬਾਰੇ ਜਾਣਨ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਬੱਚਿਆਂ ਦੀ ਆਨਲਾਈਨ ਸੁਰੱਖਿਆ ਯਕੀਨੀ ਕਰਨ ਲਈ ਤੁਹਾਨੂੰ ਕੀ ਕਰਨ ਦੀ ਜ਼ਰੂਰਤ ਹੈ।
ਆਨਲਾਈਨ ਬਾਲ ਸੈਕਸ ਅਪਰਾਧੀ ਅਕਸਰ ਬੱਚਿਆਂ ਨਾਲ ਸੰਪਰਕ ਕਰਨ ਲਈ ਇਨ-ਗੇਮ ਚੈਟ ਅਤੇ ਡਾਇਰੈਕਟ ਮੈਸੇਜ ਫੰਕਸ਼ਨਾਂ ਦੀ ਵਰਤੋਂ ਕਰਦੇ ਹਨ। ਇੰਟਰਨੈੱਟ ’ਤੇ ਨਿੱਜਤਾ ਅਤੇ ਪਛਾਣ ਜ਼ਾਹਰ ਨਾ ਹੋਣ ਕਾਰਨ ਇਹ ਲੋਕ ਬੱਚਿਆਂ ਨੂੰ ਆਪਣਾ ਨਿਸ਼ਾਨਾ ਬਣਾਉਣ ਲਈ ਉਨ੍ਹਾਂ ਗੇਮ ਕਨਸੋਲ ਦੀ ਵਰਤੋਂ ਕਰਦੇ ਹਨ। AFP ਕਮਾਂਡਰ ਮਨੁੱਖੀ ਸ਼ੋਸ਼ਣ ਹੈਲਨ ਸ਼ਾਈਡਰ ਬੱਚਿਆਂ ਨਾਲ ਉਨ੍ਹਾਂ ਦੀਆਂ ਆਨਲਾਈਨ ਗਤੀਵਿਧੀਆਂ ਅਤੇ ਤਜ਼ਰਬਿਆਂ ਬਾਰੇ ਖੁੱਲ੍ਹ ਕੇ ਗੱਲ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਰੱਖਿਆ ਕਰਨ ਦੀਆਂ ਰਣਨੀਤੀਆਂ ਵਿੱਚ ਡਿਵਾਈਸਾਂ ’ਤੇ ਨਿੱਜਤਾ ਸੈਟਿੰਗਾਂ ਦੀ ਜਾਂਚ ਕਰਨਾ, ਲੋਕੇਸ਼ਨ ਸੈਟਿੰਗਾਂ ਨੂੰ ਬੰਦ ਕਰਨਾ, ਇਹ ਯਕੀਨੀ ਬਣਾਉਣਾ ਕਿ ਪ੍ਰੋਫਾਈਲ ਨਿੱਜੀ ਰਹਿਣ, ਉਨ੍ਹਾਂ ਗੇਮਸ, ਐਪਸ ਅਤੇ ਸਾਈਟਾਂ ਨੂੰ ਸਮਝਣਾ ਜੋ ਤੁਹਾਡਾ ਬੱਚਾ ਐਕਸੈਸ ਕਰਦਾ ਹੈ, ਅਤੇ ਲੋੜ ਅਨੁਸਾਰ ਚੈਟ ਫੰਕਸ਼ਨਾਂ ਨੂੰ ਬੰਦ ਕਰਨਾ ਸ਼ਾਮਲ ਹੈ।
ACCCE ਦੀ ਬਾਲ ਸੁਰੱਖਿਆ ਇਕਾਈ ਨੂੰ (CPTU) ਆਮ ਤੌਰ ’ਤੇ ਛੁੱਟੀਆਂ ਦੇ ਸਮੇਂ ਤੋਂ ਬਾਅਦ ਆਨਲਾਈਨ ਬਾਲ ਸ਼ੋਸ਼ਣ ਦੀਆਂ ਘਟਨਾਵਾਂ ਦੀ ਰਿਪੋਰਟਿੰਗ ਵਿੱਚ ਵਾਧਾ ਵੇਖਣ ਨੂੰ ਮਿਲਦਾ ਹੈ। ਪਿਛਲੇ ਸਾਲ ਵਿੱਚ ਆਨਲਾਈਨ ਬਾਲ ਸ਼ੋਸ਼ਣ ਦੀਆਂ ਘਟਨਾਵਾਂ ਦੀਆਂ 40,000 ਤੋਂ ਵੱਧ ਰਿਪੋਰਟਾਂ ਮਿਲੀਆਂ ਸਨ।