ਮੈਲਬਰਨ: ਆਸਟ੍ਰੇਲੀਆ ਦੀ ਗ੍ਰਹਿ ਮਾਮਲਿਆਂ ਦੀ ਮੰਤਰੀ ਕਲੇਅਰ ਓਨੀਲ ਨੇ ਦੇਸ਼ ਦੀ ਇਮੀਗਰੇਸ਼ਨ ਨੀਤੀ ’ਚ ਤਬਦੀਲੀਆਂ ਦੀ ਰੂਪਰੇਖਾ ਪੇਸ਼ ਕੀਤੀ ਹੈ, ਜਿਸ ਅਧੀਨ ਦੇਸ਼ ਅੰਦਰ ਪ੍ਰਵਾਸ ਦੇ ਨਿਯਮ ਸਖ਼ਤ ਕਰ ਦਿੱਤੇ ਗਏ ਹਨ। ਹਾਲਾਂਕਿ ਹਸਪਤਾਲਾਂ ਅਤੇ ਬਜ਼ੁਰਗਾਂ ਦੀ ਦੇਖਭਾਲ ਵਰਗੀਆਂ ਨੌਕਰੀਆਂ ਲਈ ਕਾਮਿਆਂ ਨੂੰ ਆਕਰਸ਼ਿਤ ਕਰਨ ਦੀ ਸਮਰੱਥਾ ਨੂੰ ਖਤਰੇ ਵਿੱਚ ਪਾਏ ਬਿਨਾਂ ਪ੍ਰਵਾਸੀਆਂ ਦੇ ਸ਼ੋਸ਼ਣ ਵਿਰੁੱਧ ਕਾਰਵਾਈ ਕਰਨ ਦਾ ਵਾਅਦਾ ਵੀ ਕੀਤਾ ਗਿਆ ਹੈ।
ਗ੍ਰਹਿ ਮੰਤਰੀ ਅਨੁਸਾਰ ਦੇਸ਼ ਅੰਦਰ ਬੀਤੇ ਸਾਲ ਰਿਕਾਰਡ ਗਿਣਤੀ ’ਚ 510,000 ਪ੍ਰਵਾਸ ਹੋਇਆ ਸੀ, ਜਿਸ ਨੂੰ ਅੱਧਾ ਕਰਨ ਯੋਜਨਾ ਹੈ। ਇਹ ਕੰਮ ਵਿਦੇਸ਼ੀ ਵਿਦਿਆਰਥੀਆਂ ਲਈ ਯੋਗਤਾ ਸਖ਼ਤ ਕਰ ਕੇ ਅਤੇ ਘੱਟ ਹੁਨਰਮੰਦ ਕਾਮਿਆਂ ਨੂੰ ਵਾਪਸ ਭੇਜ ਕੇ ਅੰਜਾਮ ਦਿੱਤਾ ਜਾਵੇਗਾ।
IELTS ਟੈਸਟ ਹੋਵੇਗਾ ਸਖ਼ਤ
ਨਵੀਂ ਪ੍ਰਵਾਸ ਰਣਨੀਤੀ ਹੇਠ ਵਿਦਿਆਰਥੀਆਂ ਲਈ ਅੰਗਰੇਜ਼ੀ ਭਾਸ਼ਾ ਟੈਸਟ ਸਖ਼ਤ ਕਰ ਦਿੱਤਾ ਗਿਆ। ਗ੍ਰੈਜੂਏਟ ਵੀਜ਼ਾ ਲਈ ਅਰਜ਼ੀ ਦੇਣ ਵਾਲੇ ਕਿਸੇ ਵਿਅਕਤੀ ਨੂੰ ਹੁਣ IELTS ’ਚ 6.5 ਅੰਕ ਪ੍ਰਾਪਤ ਕਰਨ ਦੀ ਜ਼ਰੂਰਤ ਹੋਏਗੀ ਜੋ ਕਿ ਪਹਿਲਾਂ ਲੋੜੀਂਦੇ 6 ਦੇ ਸਕੋਰ ਤੋਂ ਅੱਧਾ ਅੰਕ ਵੱਧ ਹੈ। ਜਦਕਿ ਵਿਦਿਆਰਥੀ ਵੀਜ਼ਾ ਲਈ ਅਰਜ਼ੀ ਦੇਣ ਵਾਲੇ ਕਿਸੇ ਵਿਅਕਤੀ ਨੂੰ 6 ਦਾ ਸਕੋਰ ਪ੍ਰਾਪਤ ਕਰਨ ਦੀ ਜ਼ਰੂਰਤ ਹੋਏਗੀ, ਜੋ ਪਹਿਲਾਂ 5.5 ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਦੇਸ਼ ਵਿੱਚ ਦਾਖਲ ਹੋਣ ਤੋਂ ਪਹਿਲਾਂ ਇਹ ਸਾਬਤ ਕਰਨ ਦੀ ਲੋੜ ਹੋਵੇਗੀ ਕਿ ਉਹ ਅਸਲ ਵਿਦਿਆਰਥੀ ਹਨ, ਜਦਕਿ ਜੇ ਉਨ੍ਹਾਂ ਨੂੰ ਦੇਸ਼ ਦੇ ਹੁਨਰ ਦੀ ਘਾਟ ਨੂੰ ਪੂਰਾ ਕਰਨ ਵਿੱਚ ਮਦਦ ਕਰਦੀਆਂ ਨੌਕਰੀਆਂ ਨਹੀਂ ਮਿਲਦੀਆਂ ਹਨ ਤਾਂ ਉਨ੍ਹਾਂ ਲਈ ਦੇਸ਼ ’ਚ ਰਹਿਣਾ ਮੁਸ਼ਕਲ ਹੋ ਜਾਵੇਗਾ। ਇਸ ਸਮੇਂ 650,000 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਆਸਟ੍ਰੇਲੀਆ ’ਚ ਹਨ, ਅਤੇ ਬਹੁਤ ਸਾਰੇ ਹੁਣ ਵਾਧੂ ਵੀਜ਼ਾ ਲਈ ਜ਼ੋਰ ਦੇ ਰਹੇ ਹਨ।
ਹੁਨਰਮੰਦਾਂ ਨੂੰ ਮਿਲੇਗੀ ਰਾਹਤ
ਦੂਜੇ ਪਾਸੇ 135,000 ਡਾਲਰ ਜਾਂ ਇਸ ਤੋਂ ਵੱਧ ਦੀ ਨੌਕਰੀ ਲਈ ਲਿਆਂਦੇ ਜਾਣ ਵਾਲੇ ਕਿਸੇ ਵੀ ਵਿਅਕਤੀ ਦੀ ਵੀਜ਼ਾ ਅਰਜ਼ੀ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਇਸ ਦਾ ਉਦੇਸ਼ ਉਨ੍ਹਾਂ ਵੀਜ਼ਿਆਂ ’ਤੇ ਔਸਤਨ ਇਕ ਹਫਤੇ ਦੇ ਅੰਦਰ ਕਾਰਵਾਈ ਕਰਨਾ ਹੈ।
ਇਨ੍ਹਾਂ ਤਬਦੀਲੀਆਂ ਦੇ ਕਾਰਨ ਲਈ ਗ੍ਰਹਿ ਮੰਤਰੀ ਨੇ ਕਿਹਾ, ‘‘ਸਾਨੂੰ ਨੈੱਟ ਜ਼ੀਰੋ ਅਰਥਵਿਵਸਥਾ ’ਚ ਤਬਦੀਲ ਹੋਣ ਦੀ ਤੁਰੰਤ ਲੋੜ ਹੈ, ਅਤੇ ਸਾਡੇ ਕੋਲ ਅਜਿਹਾ ਕਰਨ ਲਈ ਇੱਥੇ ਹੁਨਰਮੰਦ ਲੋਕ ਅਤੇ ਸਮਰੱਥਾਵਾਂ ਨਹੀਂ ਹਨ।’’ ਜੇ ਨਵੀਂ ਯੋਜਨਾ ਜੂਨ 2025 ਤੱਕ ਸ਼ੁੱਧ ਪ੍ਰਵਾਸ ਦੀ ਗਿਣਤੀ ਨੂੰ ਘਟਾ ਕੇ 250,000 ਨਹੀਂ ਕਰਦੀ ਤਾਂ ਸਰਕਾਰ ਹੋਰ ਵਿਵਾਦਪੂਰਨ ਉਪਾਵਾਂ ਲਈ ਤਿਆਰ ਹੈ, ਜਿਵੇਂ ਕਿ ਵਿਦਿਆਰਥੀਆਂ ਦੀ ਗਿਣਤੀ ’ਤੇ ਹੱਦ ਲਾਉਣਾ ਜਾਂ ਉਨ੍ਹਾਂ ਦੀਆਂ ਵੀਜ਼ਾ ਅਰਜ਼ੀਆਂ ’ਤੇ ਵੱਧ ਫੀਸ।