ਮੈਲਬਰਨ: ਚੰਦਰਮਾ ਦੀ ਯਾਤਰਾ ਕਰਨ ਵਾਲੇ ਆਸਟ੍ਰੇਲੀਆ ਦੇ ਪਹਿਲੇ ਰੋਵਰ (Australia’s first Moon rover) ਦੇ ਨਾਮ ਦਾ ਐਲਾਨ ਇਕ ਜਨਤਕ ਮੁਕਾਬਲੇ ਵਿਚ ਲਗਭਗ 20,000 ਆਸਟ੍ਰੇਲੀਆਈ ਲੋਕਾਂ ਦੇ ਵੋਟ ਪਾਉਣ ਤੋਂ ਬਾਅਦ ਕੀਤਾ ਗਿਆ ਹੈ। ਚਾਰ ਦਾਅਵੇਦਾਰਾਂ ਦੀ ਸ਼ਾਰਟਲਿਸਟ ’ਚ 35 ਫੀਸਦੀ ਵੋਟਾਂ ਹਾਸਲ ਕਰਨ ਤੋਂ ਬਾਅਦ ਰੋਵਰ ਦਾ ਨਾਂ ‘ਰੂ-ਵਰ’ (Roo-ver) ਰੱਖਿਆ ਜਾਵੇਗਾ। ਹੋਰ ਚਾਰ ਸ਼ਾਰਟਲਿਸਟ ਕੀਤੇ ਨਾਮ ਕੂਲਾਮੋਨ (ਸਾਮਾਨ ਚੁੱਕਣ ਲਈ ਵਰਤਿਆ ਜਾਣ ਵਾਲਾ ਇੱਕ ਮੂਲਵਾਸੀ ਲੋਕਾਂ ਦਾ ਸੰਦ), ਕਾਕਿਰਾ (ਚੰਦਰਮਾ ਦਾ ਇੱਕ ਮੂਲਵਾਸੀ ਲੋਕਾਂ ਦੀ ਭਾਸ਼ਾ ਦਾ ਨਾਂ) ਅਤੇ ਮੇਟਸ਼ਿਪ।
ਰੂ-ਵਰ 2026 ਦੇ ਸ਼ੁਰੂ ਵਿੱਚ ਨਾਸਾ ਦੇ ਨਾਲ ਆਰਟੇਮਿਸ ਮਿਸ਼ਨ ਦੇ ਹਿੱਸੇ ਵਜੋਂ ਚੰਦਰਮਾ ਦੀ ਯਾਤਰਾ ਕਰਨ ਲਈ ਤਿਆਰ ਹੈ। ਇਸ ਰੋਵਰ ਦਾ ਭਾਰ ਲਗਭਗ 20 ਕਿਲੋਗ੍ਰਾਮ ਹੋਵੇਗਾ ਅਤੇ ਇਹ ਸੂਟਕੇਸ ਦੇ ਆਕਾਰ ਦਾ ਹੋਵੇਗਾ, ਜੋ ਚੰਦਰਮਾ ਦੀ ਮਿੱਟੀ ਇਕੱਠੀ ਕਰੇਗਾ ਜਿਸ ਤੋਂ ਵਿਗਿਆਨੀ ਆਕਸੀਜਨ ਕੱਢਣ ਦੀ ਕੋਸ਼ਿਸ਼ ਕਰਨਗੇ। ਚੰਦਰਮਾ ’ਤੇ ਆਕਸੀਜਨ ਪ੍ਰਾਪਤ ਕਰਨ ਨੂੰ ਇੱਥੇ ਟਿਕਾਊ ਮਨੁੱਖੀ ਮੌਜੂਦਗੀ ਸਥਾਪਤ ਕਰਨ ’ਚ ਇਕ ਮਹੱਤਵਪੂਰਣ ਕਦਮ ਵਜੋਂ ਵੇਖਿਆ ਜਾ ਰਿਹਾ ਹੈ। ਆਕਸੀਜਨ ਰਾਕੇਟ ਬਾਲਣ ਦਾ ਇੱਕ ਮੁੱਖ ਤੱਤ ਹੈ। ਜੇ ਚੰਦਰਮਾ ’ਤੇ ਰਾਕੇਟ ਬਾਲਣ ਦਾ ਉਤਪਾਦਨ ਕੀਤਾ ਜਾ ਸਕਦਾ ਹੈ ਤਾਂ ਇਹ ਮੰਗਲ ਗ੍ਰਹਿ ‘ਤੇ ਭਵਿੱਖ ਦੇ ਮਿਸ਼ਨਾਂ ਦਾ ਸਮਰਥਨ ਕਰਨ ਵਿੱਚ ਸਹਾਇਤਾ ਕਰੇਗਾ।
ਆਸਟ੍ਰੇਲੀਆਈ ਪੁਲਾੜ ਏਜੰਸੀ ਦੇ ਮੁਖੀ ਐਨਰੀਕੋ ਪਾਲੇਰਮੋ ਨੇ ਕਿਹਾ ਕਿ ਆਸਟ੍ਰੇਲੀਆਈ ਲੋਕਾਂ ਦੀ ਉੱਚ ਸ਼ਮੂਲੀਅਤ ਭਵਿੱਖ ਲਈ ਇੱਕ ਉਮੀਦ ਭਰਿਆ ਸੰਕੇਤ ਹੈ। ਪਾਲੇਰਮੋ ਨੇ ਕਿਹਾ ਕਿ ਨਾਂ ਰੱਖਣ ਦਾ ਇਹ ਮੁਕਾਬਲਾ ਉਨ੍ਹਾਂ ਲਈ ਆਸਟ੍ਰੇਲੀਆ ਦੇ ਲੋਕਾਂ ਨੂੰ ਆਪਣੇ ਨਾਲ ਲਿਆਉਣ ਦਾ ਇਕ ਮਹੱਤਵਪੂਰਨ ਤਰੀਕਾ ਰਿਹਾ ਹੈ। ਰੂ-ਵਰ ਨਾਮ ਨਿਊ ਸਾਊਥ ਵੇਲਜ਼ ਦੇ ਵਸਨੀਕ ਸੀਵਾ ਨੇ ਸੁਝਾਇਆ ਸੀ। ਸਿਵਾ ਨੇ ਕਿਹਾ, ‘‘ਸਾਡੇ ਚੰਦਰਮਾ ਰੋਵਰ ਦਾ ਨਾਮ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਸੀ ਜਿਸ ਤੋਂ ਆਸਟ੍ਰੇਲੀਆਈ ਦੀ ਪਛਾਣ ਹੋ ਸਕੇ, ਜੋ ਇਸ ਨਵੀਂ ਕੋਸ਼ਿਸ਼ ਦੀ ਸ਼ੁਰੂਆਤ ਕਰਦੇ ਸਮੇਂ ਆਸਟ੍ਰੇਲੀਆਈ ਭਾਵਨਾ ਨੂੰ ਦਰਸਾਉਂਦਾ ਹੈ।’’