ਆਸਟ੍ਰੇਲੀਆ ਵਾਸੀਆਂ ਨੂੰ ਕ੍ਰਿਸਮਸ ਤੋਂ ਪਹਿਲਾਂ ਰਾਹਤ, RBA ਨੇ ਨਹੀਂ ਵਧਾਈਆਂ ਵਿਆਜ ਦਰਾਂ

ਮੈਲਬਰਨ: ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਨੇ ਦਸੰਬਰ ‘ਚ ਵਿਆਜ ਦਰਾਂ ਨੂੰ 4.35 ਫੀਸਦੀ ‘ਤੇ ਸਥਿਰ ਰੱਖਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਆਸਟ੍ਰੇਲੀਆ ਵਿੱਚ ਮਹਿੰਗਾਈ ਦੇ ਨਰਮ ਹੋਣ ਦਾ ਸੰਕੇਤ ਦੇਣ ਵਾਲੇ ਅੰਕੜਿਆਂ ਤੋਂ ਬਾਅਦ ਆਇਆ ਹੈ। ਇਹ ਖ਼ਬਰ ਉਨ੍ਹਾਂ ਪਰਿਵਾਰਾਂ ਲਈ ਰਾਹਤ ਵਜੋਂ ਆਈ ਹੈ ਜਿਨ੍ਹਾਂ ਨੇ ਮਈ 2022 ਤੋਂ ਦਰਾਂ ਵਿੱਚ 13 ਵਾਧਿਆਂ ਕਾਰਨ ਵਿਆਜ ਦੇ ਰੂਪ ’ਚ ਵਿੱਚ 24,000 ਡਾਲਰ ਤੋਂ ਵੱਧ ਦਾ ਵਾਧੂ ਭੁਗਤਾਨ ਕੀਤਾ ਹੈ।

RBA ਦੀ ਗਵਰਨਰ ਮਿਸ਼ੇਲ ਬੁਲਕ ਨੇ ਕਿਹਾ ਕਿ ਬੋਰਡ ਘਰੇਲੂ ਆਰਥਿਕ ਸਥਿਤੀਆਂ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਉਨ੍ਹਾਂ ਨੇ 2024 ਵਿੱਚ ਨਕਦ ਦਰ ਵਿੱਚ ਹੋਰ ਤਬਦੀਲੀਆਂ ਤੋਂ ਇਨਕਾਰ ਨਹੀਂ ਕੀਤਾ। ਉਨ੍ਹਾਂ ਨੇ ਆਪਣੇ ਇਸ ਬਿਆਨ ਲਈ ਗਲੋਬਲ ਆਰਥਿਕਤਾ ਅਤੇ ਚੀਨੀ ਆਰਥਿਕਤਾ ਲਈ ਦ੍ਰਿਸ਼ਟੀਕੋਣ ਦੇ ਆਲੇ-ਦੁਆਲੇ ਦੀਆਂ ਅਨਿਸ਼ਚਿਤਤਾਵਾਂ ਨੂੰ ਵੀ ਉਜਾਗਰ ਕੀਤਾ। RBA ਦਾ ਫੈਸਲਾ ਵੱਡੇ ਪੱਧਰ ‘ਤੇ ਕ੍ਰਿਸਮਸ ਦੇ ਸਮੇਂ ਦੌਰਾਨ ਆਸਟ੍ਰੇਲੀਆਈ ਲੋਕਾਂ ਦੇ ਖਰਚ ਕਰਨ ਦੇ ਵਿਵਹਾਰ ‘ਤੇ ਨਿਰਭਰ ਕਰੇਗਾ। ਦਰਾਂ ਦੀ ਸਮੀਖਿਆ ਕਰਨ ਲਈ RBA ਦੀ ਅਗਲੀ ਬੈਠਕ ਫ਼ਰਵਰੀ 2024 ’ਚ ਹੋਵੇਗੀ। RateCity.com.au ਵੱਲੋਂ ਕੀਤੀ ਗਈ ਖੋਜ ਵਿੱਚ ਪਾਇਆ ਗਿਆ ਹੈ ਕਿ ਜਦੋਂ ਤੋਂ ਵਿਆਜ ਦਰਾਂ ’ਚ ਵਾਧੇ ਦੀ ਸ਼ੁਰੂਆਤ ਹੋਈ ਹੈ ਉਦੋਂ ਤੋਂ 500,000 ਡਾਲਰ ਦੇ ਕਰਜ਼ੇ ਵਾਲੇ ਔਸਤ ਕਰਜ਼ਦਾਰ ਨੇ ਮਈ 2022 ਅਤੇ ਦਸੰਬਰ 2023 ਦੇ ਵਿਚਕਾਰ ਵਿਆਜ ਖਰਚਿਆਂ ’ਚ ਅੰਦਾਜ਼ਨ 24,598 ਡਾਲਰ ਵਧੇਰੇ ਅਦਾ ਕੀਤੇ ਹੋਣਗੇ।

RBA ਦੇ ਇਸ ਫੈਸਲੇ ਦਾ ਕਰਜ਼ਾ ਲੈਣ ਵਾਲਿਆਂ ‘ਤੇ ਮਹੱਤਵਪੂਰਨ ਪ੍ਰਭਾਵ ਪਿਆ ਹੈ, ਜਿਨ੍ਹਾਂ ਵਿਚੋਂ ਬਹੁਤ ਸਾਰੇ ਦਰਾਂ ਵਿਚ ਵਾਧੇ ਕਾਰਨ ਵਿੱਤੀ ਤੌਰ ‘ਤੇ ਤਣਾਅ ਵਿਚ ਹਨ। ਆਸਟ੍ਰੇਲੀਆ ਦੇ ਇਤਿਹਾਸ ਵਿਚ ਵਿਆਜ ਦਰਾਂ ’ਚ ਸਭ ਤੋਂ ਤੇਜ਼ ਵਾਧਾ ਚੱਕਰ ਦਾ ਆਰਥਿਕ ਪ੍ਰਭਾਵ ਅਜੇ ਵੀ ਗੂੰਜ ਰਿਹਾ ਹੈ, ਜੋ ਨਾ ਸਿਰਫ ਕਰਜ਼ ਲੈਣ ਵਾਲੇ ਆਸਟ੍ਰੇਲੀਆਈ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ, ਬਲਕਿ ਉਨ੍ਹਾਂ ਲੋਕਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ ਜੋ ਰੋਜ਼ੀ-ਰੋਟੀ ਲਈ ਸੰਘਰਸ਼ ਕਰ ਰਹੇ ਹਨ।

ਫਾਈਂਡਰ ਦੇ ਖਪਤਕਾਰ ਖੋਜ ਮੁਖੀ ਗ੍ਰਾਹਮ ਕੁੱਕ ਨੇ ਕਿਹਾ, ‘‘42 ਪ੍ਰਤੀਸ਼ਤ ਕਿਰਾਏਦਾਰ ਇਸ ਸਮੇਂ ਆਪਣੇ ਕਿਰਾਏ ਦਾ ਭੁਗਤਾਨ ਕਰਨ ਲਈ ਸੰਘਰਸ਼ ਕਰ ਰਹੇ ਹਨ, ਜੋ ਇਸੇ ਤਰ੍ਹਾਂ ਦੀ ਸਥਿਤੀ ’ਚ ਫਸੇ 37 ਪ੍ਰਤੀਸ਼ਤ ਮੌਰਗੇਜ ਧਾਰਕਾਂ ਨਾਲੋਂ ਵੱਧ ਹੈ।’’ ਉਨ੍ਹਾਂ ਕਿਹਾ ਕਿ ਦਰਾਂ ਵਿੱਚ ਵਾਧੇ ਬਾਰੇ ਜ਼ਿਆਦਾਤਰ ਗੱਲਬਾਤ ਮਕਾਨ ਮਾਲਕਾਂ ’ਤੇ ਕੇਂਦਰਤ ਹੈ, ਪਰ ਇਹ ਅਸਲ ਵਿੱਚ ਵਿਆਜ ਦਰਾਂ ’ਚ ਵਾਧਾ ਦਾ ਸਭ ਤੋਂ ਮਾੜਾ ਅਸਰ ਕਿਰਾਏਦਾਰਾਂ ’ਤੇ ਪੈਂਦਾ ਹੈ। ਕਿਉਂਕਿ ਉਹ ਫਲੋ-ਆਨ ਕਿਰਾਏ ’ਚ ਵਾਧੇ ਨਾਲ ਨਜਿੱਠਦੇ ਹਨ।