ਮੈਲਬਰਨ: ਤੇਜ਼ ਰਫ਼ਤਾਰ ਕਾਰਨ ਪੰਜ ਜਣਿਆਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਪ੍ਰੋਬੇਸ਼ਨਰੀ ਡਰਾਈਵਰ ਟਾਇਰਲ ਐਡਵਰਡਜ਼ ਨੂੰ 12 ਸਾਲ ਦੀ ਕੈਦ ਦੀ ਸਜ਼ਾ (Tyrell Edwards jailed) ਸੁਣਾਈ ਗਈ ਹੈ। ਉਸ ਨੂੰ ਪਹਿਲੀ ਪੈਰੋਲ ਸੱਤ ਸਾਲਾਂ ਦੀ ਸਜ਼ਾ ਭੁਗਤਣ, ਯਾਨੀਕਿ 11 ਜੁਲਾਈ, 2030 ਨੂੰ ਪ੍ਰਾਪਤ ਕਰਨ ਦੇ ਯੋਗ ਹੋਵੇਗਾ। ਪੀੜਤਾਂ ਦੇ ਰਿਸ਼ਤੇਦਾਰਾਂ ਨੇ ਇਸ ਸਜ਼ਾ ਨੂੰ ‘ਬਿਲਕੁਲ ਘਿਨਾਉਣਾ’ ਦੱਸਿਆ ਹੈ।
ਸਤੰਬਰ 2022 ਵਿੱਚ ਵਾਪਰੇ ਇਸ ਹਾਦਸੇ ਵਿੱਚ ਐਂਟੋਨੀਓ ਡੇਸੀਸਟੋ, ਗੈਬੀ ਮੈਕਲੇਨਨ, ਟਾਇਰਸ ਬੇਚਾਰਡ, ਲਿਲੀ ਵੈਨ ਡੀ ਪੁਟੇ ਅਤੇ ਸਮਰ ਵਿਲੀਅਮਜ਼ ਦੀ ਮੌਤ ਹੋ ਗਈ ਸੀ। ਐਡਵਰਡਜ਼ ਨੂੰ ਇਹ ਕਹਿੰਦੇ ਸੁਣਿਆ ਗਿਆ ਕਿ ਉਹ ਹਾਦਸੇ ਤੋਂ ਬਾਅਦ ਜੇਲ੍ਹ ਨਹੀਂ ਜਾਣਾ ਚਾਹੁੰਦਾ ਸੀ। ਪੀੜਤਾਂ ਦੇ ਪਰਿਵਾਰਾਂ ਵਾਲਿਆਂ ਨੇ ਫੈਸਲੇ ’ਤੇ ਆਪਣਾ ਦੁੱਖ ਜ਼ਾਹਰ ਕੀਤਾ ਹੈ, ਕੁਝ ਨੇ ਮੁਆਫੀ ਦੀ ਪੇਸ਼ਕਸ਼ ਕੀਤੀ ਹੈ ਜਦਕਿ ਕੁਝ ਨੇ ਹੋਰ ਲੰਬੀ ਸਜ਼ਾ ਦੀ ਮੰਗ ਕੀਤੀ ਹੈ। ਜੱਜ ਨੇ ਸਜ਼ਾ ਸੁਣਾਉਂਦੇ ਸਮੇਂ ਇਨ੍ਹਾਂ ਬਿਆਨਾਂ ‘ਤੇ ਵਿਚਾਰ ਕੀਤਾ।
ਐਡਵਰਡਜ਼ ਨੂੰ ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਦੇ ਪੰਜ ਦੋਸ਼ਾਂ ਵਿਚ ਦੋਸ਼ੀ ਠਹਿਰਾਇਆ ਗਿਆ ਹੈ, ਜਿਸ ਨਾਲ ਉਸ ਨੂੰ ਆਪਣੀ ਸਜ਼ਾ ‘ਤੇ 25٪ ਦੀ ਛੋਟ ਮਿਲੇਗੀ। ਜੱਜ ਨੇ ਲੰਬੀ ਪੈਰੋਲ ਮਿਆਦ ਲਈ ਵਿਸ਼ੇਸ਼ ਹਾਲਾਤ ਨੂੰ ਵੀ ਕਾਰਨ ਦਸਿਆ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਐਡਵਰਡਜ਼ ਨੇ ਸੜਕ ਦੇ ਗਲਤ ਪਾਸੇ ਇਕ ਹੋਰ ਕਾਰ ਨੂੰ ਓਵਰਟੇਕ ਕੀਤਾ ਅਤੇ ਲਗਭਗ 118 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਗੱਡੀ ਚਲਾ ਰਿਹਾ ਸੀ। ਉਸ ਦੀ ਗੱਡੀ ਇਕ ਦਰੱਖਤ ਨਾਲ ਟਕਰਾਉਣ ਤੋਂ ਬਾਅਦ ਅਤੇ ਇਕ ਹੋਰ ਨਾਲ ਟਕਰਾ ਗਈ, ਜਿਸ ਨਾਲ ਚਾਰ ਨੌਜਵਾਨ ਗੱਡੀ ’ਚੋਂ ਬਾਹਰ ਨਿਕਲ ਦੇ ਡਿੱਗ ਗਏ।
ਜੱਜ ਨੇ ਕਿਹਾ ਕਿ ਐਡਵਰਡਜ਼ ਨੇ ਹਾਦਸੇ ਲਈ ਪੂਰੀ ਤਰ੍ਹਾਂ ਆਪਣੀ ਜ਼ਿੰਮੇਵਾਰੀ ਸਵੀਕਾਰ ਕੀਤੀ ਹੈ ਅਤੇ ਸੱਚਾ ਅਤੇ ਡੂੰਘਾ ਪਛਤਾਵਾ ਜ਼ਾਹਰ ਕੀਤਾ ਹੈ। ਜਦਕਿ ਪੀੜਤ ਐਂਟੋਨੀਓ ਡੇਸਿਸਟੋ ਦੇ ਪਿਤਾ ਐਕਸਾਵੇਨ ਨੇ ਕਿਹਾ ਕਿ ਇਹ ਸਜ਼ਾ ਸੜਾਂਦ ਮਾਰਦੀ ਹੈ ਅਤੇ ਉਹ ਕਿਸੇ ਵੀ ਮਾਪਿਆਂ ਲਈ ਅਜਿਹਾ ਦਰਦ ਨਹੀਂ ਚਾਹੁੰਦੇ। ਉਨ੍ਹਾਂ ਕਿਹਾ, ‘‘ਸਾਡੇ ਬੱਚਿਆਂ ਦੀ ਮੌਤ ਹੋ ਗਈ, ਸਾਡੇ ਪਰਿਵਾਰ ਕੋਲ ਬੱਚੇ ਨਹੀਂ ਰਹੇ… ਅਸੀਂ ਉਹ ਹਾਂ ਜਿਨ੍ਹਾਂ ਨੂੰ ਹੁਣ ਉਮਰ ਕੈਦ ਦੀ ਸਜ਼ਾ ਮਿਲੀ ਹੈ, ਇਸ ਲਈ ਇਹ ਬਿਲਕੁਲ ਘਿਨਾਉਣਾ ਹੈ।’’