ਮੈਲਬਰਨ: ਵਧੇਰੇ ਲੋਕਾਂ ਵੱਲੋਂ ਬੈਂਕ ਦੀਆਂ ਸੇਵਾਵਾਂ ਦੀ ਵਰਤੋਂ ਆਨਲਾਈਨ ਕਰਨ ਦੀ ਚੋਣ ਕਰਨ ਕਾਰਨ ਬੈਂਕਾਂ ਦੀਆਂ ਬ੍ਰਾਂਚਾਂ ਦਾ ਬੰਦ ਹੋਣਾ ਜਾਰੀ ਹੈ। ਤਾਜ਼ਾ ਫੈਸਲੇ ’ਚ ਨੈਸ਼ਨਲ ਆਸਟਰੇਲੀਆ ਬੈਂਕ (ਐਨ.ਏ.ਬੀ.) ਨੇ ਪੁਸ਼ਟੀ ਕੀਤੀ ਹੈ ਕਿ ਉਹ 7 ਮਾਰਚ, 2024 ਨੂੰ ਆਪਣੀਆਂ ਪੰਜ ਹੋਰ ਬ੍ਰਾਂਚਾਂ ਨੂੰ ਬੰਦ ਕਰ ਦੇਵੇਗਾ। ਬੰਦ ਹੋਣ ਵਾਲੀਆਂ ਸ਼ਾਖਾਵਾਂ ਵਿੱਚ ACT ਵਿੱਚ ਟਗੇਰਾਨੋਂਗ, NSW ਵਿੱਚ ਸਕੋਨ, ਗ੍ਰੇਟਰ ਮੈਲਬਰਨ ਵਿੱਚ ਐਮਰਾਲਡ, ਗੋਲਡ ਕੋਸਟ ਵਿੱਚ ਰਨਵੇ ਬੇ ਅਤੇ ਸਿਡਨੀ ਵਿੱਚ ਬਾਲਮੇਨ ਸ਼ਾਮਲ ਹਨ। ਬੈਂਕ ਨੇ ਕਿਹਾ ਕਿ ਵੱਧ ਤੋਂ ਵੱਧ ਲੋਕ ਆਪਣੇ ਟੈਕਸ ਭਰਨ ਜਾਂ ਮੈਡੀਕੇਅਰ ਦਾਅਵੇ ਕਰਨ ਵਰਗੇ ਕੰਮਾਂ ਲਈ ਮੋਬਾਈਲ ਫ਼ੋਨ ਆਦਿ ਰਾਹੀਂ ਸਰਕਾਰ ਦੀਆਂ ਆਨਲਾਈਨ ਸੇਵਾਵਾਂ ਦਾ ਪ੍ਰਯੋਗ ਕਰ ਰਹੇ ਹਨ।
ਵਿੱਤੀ ਖੇਤਰ ਯੂਨੀਅਨ (FSU) ਨੇ ਕ੍ਰਿਸਮਸ ਤੋਂ ਠੀਕ ਪਹਿਲਾਂ ਆਏ ਇਸ ਐਲਾਨ ਦੇ ਸਮੇਂ ਦੀ ਆਲੋਚਨਾ ਕੀਤੀ। FSU ਦੀ ਰਾਸ਼ਟਰੀ ਸਕੱਤਰ ਜੂਲੀਆ ਅੰਗਰੀਸਾਨੋ ਨੇ ਬ੍ਰਾਂਚਾਂ ਬੰਦ ਹੋਣ ਨੂੰ ਇਨ੍ਹਾਂ ਇਲਾਕਿਆਂ ਦੇ ਵਸਨੀਕਾਂ ਅਤੇ ਬੈਂਕ ਸਟਾਫ ਨਾਲ ਧੋਖਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਬੈਂਕ ਦੇ ਫੈਸਲੇ ਨਾਲ ਬਜ਼ੁਰਗਾਂ, ਕਾਰੋਬਾਰਾਂ ਅਤੇ ਜੋ ਵੀ ਬੈਂਕ ਅਧਿਕਾਰੀਆਂ ਨਾਲ ਆਹਮੋ-ਸਾਹਮਣੇ ਗੱਲਬਾਤ ਕਰਨਾ ਚਾਹੁੰਦਾ ਹੈ, ਉਨ੍ਹਾਂ ਲਈ ਬੈਂਕਿੰਗ ਸੇਵਾਵਾਂ ਪ੍ਰਾਪਤ ਕਰਨਾ ਮੁਸ਼ਕਲ ਹੋ ਜਾਵੇਗਾ।
ਹਾਲਾਂਕਿ NAB ਦੀ ਰਿਟੇਲ ਕਾਰਜਕਾਰੀ ਕ੍ਰਿਸੀ ਜੋਨਸ ਨੇ ਜ਼ੋਰ ਦੇ ਕੇ ਕਿਹਾ ਕਿ ਬੰਦ ਹੋਣ ਦੇ ਨਤੀਜੇ ਵਜੋਂ ਕੋਈ ਨੌਕਰੀ ਨਹੀਂ ਗਈ ਅਤੇ ਬੰਦ ਬ੍ਰਾਂਚਾਂ ਦੇ ਮੁਲਾਜ਼ਮਾਂ ਨੂੰ ਬੈਂਕ ਵਿੱਚ ਹੋਰ ਭੂਮਿਕਾਵਾਂ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਬ੍ਰਾਂਚਾਂ ’ਚ ਇੱਥੇ ਆਉਣ ਵਾਲੇ ਗ੍ਰਾਹਕਾਂ ਦੀ ਗਿਣਤੀ ਦੇ ਮੱਦੇਨਜ਼ਰ ਹੀ ਬੰਦ ਕੀਤਾ ਗਿਆ ਹੈ।
NAB ਨੇ ਪਿਛਲੇ ਛੇ ਮਹੀਨਿਆਂ ਵਿੱਚ ਆਪਣੀਆਂ ਘੱਟੋ-ਘੱਟ 30 ਬ੍ਰਾਂਚਾਂ ਬੰਦ ਕੀਤੀਆਂ ਹਨ। ਇਹ ਫੈਸਲਾ ਰੀਜਨਲ ਬੈਂਕਾਂ ਦੇ ਬੰਦ ਹੋਣ ਬਾਰੇ ਸੈਨੇਟ ਦੀ ਚਲ ਰਹੀ ਜਾਂਚ ਦੇ ਵਿਚਕਾਰ ਆਇਆ ਹੈ, ਜੋ ਫਰਵਰੀ 2023 ਵਿੱਚ ਛੇ ਸਾਲਾਂ ਵਿੱਚ 1,600 ਤੋਂ ਵੱਧ ਰੀਜਨਲ ਬੈਂਕ ਬ੍ਰਾਂਚਾਂ ਦੇ ਬੰਦ ਹੋਣ ਦੇ ਜਵਾਬ ਵਿੱਚ ਸ਼ੁਰੂ ਕੀਤੀ ਗਈ ਸੀ। NAB ਗਰੁੱਪ ਦੇ CEO ਰੌਸ ਮੈਕਈਵਾਨ ਨੇ ਸਤੰਬਰ ਦੀ ਸੁਣਵਾਈ ਦੌਰਾਨ ਕਿਹਾ ਕਿ ਬੈਂਕ ਦਾ 93٪ ਲੈਣ-ਦੇਣ ਆਨਲਾਈਨ ਹੁੰਦਾ ਹੈ ਅਤੇ ਇਸ ਦੇ ਸਿਰਫ 3٪ ਗਾਹਕ ਵਿਸ਼ੇਸ਼ ਤੌਰ ’ਤੇ NAB ਬ੍ਰਾਂਚਾਂ ਦੀ ਵਰਤੋਂ ਕਰਦੇ ਹਨ। ਇਸ ਦੇ ਬਾਵਜੂਦ, ਅਜਿਹੀਆਂ ਉਦਾਹਰਣਾਂ ਸਨ ਜਿੱਥੇ ਲੈਣ-ਦੇਣ ਦੀ ਮਾਤਰਾ ਵਧਣ ਦੇ ਬਾਵਜੂਦ ਬ੍ਰਾਂਚਾਂ ਬੰਦ ਹੋ ਗਈਆਂ ਸਨ।