ਮੈਲਬਰਨ: ਅਮਰੀਕਾ ਦੇ ਇੱਕ ਨਾਗਰਿਕ ਨੂੰ ਕਤਲ ਕਰਨ ਦੀ ਸਾਜ਼ਿਸ਼ ਰਚਣ (US Sikh assassination plot) ’ਚ ਭਾਰਤ ਦੀ ਸ਼ਮੂਲੀਅਤ ਹੋਣ ਦੇ ਦੋਸ਼ ਲੱਗੇ ਹਨ। ਇਹ ਦੋਸ਼ ਨਿਊਯਾਰਕ ਸਥਿਤ ਇੱਕ ਅਦਾਲਤ ’ਚ ਦਰਜ ਦੋਸ਼ਪੱਤਰ ’ਚ ਵਾਇਟ ਹਾਊਸ ਦੇ ਅਧਿਕਾਰੀਆਂ ਵੱਲੋਂ ਪੂਰੇ ਵੇਰਵੇ ਨਾਲ ਲਾਏ ਗਏ ਹਨ। ਇਹੀ ਨਹੀਂ ਇੱਕ ਭਾਰਤੀ ਨਾਗਰਿਕ, ਨਿਖਿਲ ਗੁਪਤਾ, ਨੂੰ ਚੈੱਕ ਰਿਪਬਲਿਕ ’ਚ ਸਾਜ਼ਿਸ਼ ਰਚਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ ਅਤੇ ਉਸ ਨੂੰ ਮੁਕੱਦਮੇ ਲਈ ਸਪੁਰਦਗੀ ਸਮਝੌਤੇ ਹੇਠ ਅਮਰੀਕਾ ਲਿਆਂਦਾ ਜਾਵੇਗਾ।
ਦੋਸ਼ਪੱਤਰ ’ਚ ਹਾਲਾਂਕਿ ਸਾਜ਼ਿਸ਼ ਦੇ ਨਿਸ਼ਾਨੇ ’ਤੇ ਵਿਅਕਤੀ ਦਾ ਨਾਂ ਜ਼ਾਹਰ ਨਹੀਂ ਕੀਤਾ ਗਿਆ ਹੈ ਪਰ ਪਿਛਲੇ ਹਫ਼ਤੇ ਯੂ.ਕੇ. ’ਚੋਂ ਨਿਕਲਦੀ ‘ਫ਼ਾਈਨੈਂਸ਼ੀਅਲ ਟਾਈਮਜ਼’ ਅਖ਼ਬਾਰ ’ਚ ਛਪੀ ਖ਼ਬਰ ਅਨੁਸਾਰ ਸਿੱਖ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂੰ ਨੂੰ ਕਤਲ ਕਰਨ ਦੀ ਸਾਜ਼ਿਸ਼ ਰਚੀ ਗਈ ਸੀ। ਹਾਲਾਂਕਿ ਅਦਾਲਤ ’ਚ ਦੋਸ਼ ਅਜੇ ਸਾਬਤ ਨਹੀਂ ਹੋ ਸਕੇ ਹਨ।
ਦੋਸ਼ਪੱਤਰ ’ਚ ਇਹ ਕਿਹਾ ਗਿਆ ਹੈ ਕਿ ਸਾਜ਼ਿਸ਼ ਦਾ ਨਿਸ਼ਾਨਾ ਉਹ ਵਿਅਕਤੀ ਹੈ ਜਿਸ ਦੇ ਇੱਕ ਸਾਥੀ ਦਾ ਕੈਨੇਡਾ ਦੇ ਵੈਨਕੂਵਰ ’ਚ ਜੂਨ ਮਹੀਨੇ ਦੌਰਾਨ ਦਿਨ-ਦਿਹਾੜੇ ਕਤਲ ਕਰ ਦਿੱਤਾ ਗਿਆ ਸੀ। ਕੈਨੇਡਾ ਨੇ ਇਸ (ਹਰਦੀਪ ਸਿੰਘ ਨਿੱਝਰ ਦੇ) ਕਤਲ ਲਈ ਭਾਰਤ ਸਰਕਾਰ ਦੇ ਏਜੰਟਾਂ ’ਤੇ ਦੋਸ਼ ਲਾਏ ਸਨ ਜਿਸ ਕਾਰਨ ਦੋਹਾਂ ਦੇਸ਼ਾਂ ਵਿਚਕਾਰ ਭਾਰੀ ਡਿਪਲੋਮੈਟਿਕ ਤਣਾਅ ਪੈਦਾ ਹੋ ਗਿਆ ਸੀ। ਕੈਨੇਡਾ ਵੱਲੋਂ ਲਾਏ ਦੋਸ਼ਾਂ ਨੂੰ ਭਾਰਤ ਨਕਾਰਦਾ ਰਿਹਾ ਹੈ। ਹਾਲਾਂਕਿ ਅਮਰੀਕਾ ਵੱਲੋਂ ਲਾਏ ਦੋਸ਼ਾਂ ਤੋਂ ਬਾਅਦ ਭਾਰਤ ਨੇ ਕਿਹਾ ਹੈ ਕਿ ਉਹ ਇਨ੍ਹਾਂ ਦੀ ਜਾਂਚ ਕਰ ਰਿਹਾ ਹੈ। 29 ਨਵੰਬਰ ਨੂੰ ਭਾਰਤ ਨੇ ਇਹ ਵੀ ਕਿਹਾ ਸੀ ਕਿ ਉਸ ਨੇ ਅਮਰੀਕਾ ਦੇ ਦੋਸ਼ਾਂ ਦੀ ਜਾਂਚ ਲਈ ਉੱਚ ਪੱਧਰੀ ਕਮੇਟੀ ਬਣਾਈ ਹੈ।
ਜੁਰਮ ਨੂੰ ਫ਼ਿਲਮੀ ਤਰੀਕੇ ਨਾਲ ਅੰਜਾਮ ਦਿੱਤਾ ਗਿਆ : ਦੋਸ਼ਪੱਤਰ
ਅਮਰੀਕੀ ਸਰਕਾਰੀ ਵਕੀਲਾਂ ਨੇ ਇਸ ਜੁਰਮ ਨੂੰ ਫ਼ਿਲਮੀ ਤਰੀਕੇ ਨਾਲ ਅੰਜਾਮ ਦਿੱਤਾ ਦੱਸਿਆ ਹੈ। ਦੋਸ਼ਪੱਤਰ ’ਚ ਕਿਹਾ ਗਿਆ ਹੈ 52 ਸਾਲਾਂ ਦਾ ਨਿਖਿਲ ਗੁਪਤਾ ਭਾਰਤੀ ਨਾਗਰਿਕ ਹੈ ਅਤੇ ਕਥਿਤ ਤੌਰ ’ਤੇ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਨਾਲ ਜੁੜਿਆ ਹੋਇਆ ਹੈ ਜਿਸ ਨੂੰ ਭਾਰਤ ਸਰਕਾਰ ਦੀ ਏਜੰਸੀ ਦੇ ਇੱਕ ਮੁਲਾਜ਼ਮ ਨੇ ਅਮਰੀਕੀ ਨਾਗਰਿਕ ਦਾ ਕਤਲ ਕਰਨ ਦੀ ਜ਼ਿੰਮੇਵਾਰੀ ਦਿੱਤੀ ਸੀ। ਦੋਸ਼ਪੱਤਰ ਅਨੁਸਾਰ ਇੱਕ ਬੇਨਾਮ ਏਜੰਟ – ਜਿਸ ਨੂੰ ਸੀਸੀ-1 ਵੱਜੋਂ ਸੰਬੋਧਤ ਕੀਤਾ ਗਿਆ ਹੈ – ਭਾਰਤੀ ਖ਼ੁਫ਼ੀਆ ਸੇਵਾਵਾਂ ਲਈ ਕੰਮ ਕਰਦਾ ਸੀ, ਅਤੇ ਇਸ ਤੋਂ ਪਹਿਲਾਂ ਉਸ ਨੇ ਭਾਰਤੀ ਪੁਲਿਸ ਫ਼ੋਰਸ ’ਚ ਕੰਮ ਕੀਤਾ ਸੀ। ਇੱਕ ਬਿਆਨ ’ਚ ਅਮਰੀਕੀ ਅਟਾਰਨੀ ਦੇ ਦਫ਼ਤਰ ਨੇ ਕਿਹਾ ਕਿ ਸੀਸੀ-1 ਨੇ ਹੀ ਭਾਰਤ ਤੋਂ ਕਤਲ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਲਈ ਹਦਾਇਤ ਜਾਰੀ ਕੀਤੀ ਸੀ।
ਭਾਵੇਂ ਇਸ ਵਿਅਕਤੀ ਦਾ ਨਾਂ ਨਹੀਂ ਲਿਆ ਗਿਆ ਹੈ ਪਰ ਇਹ ਕੈਨੇਡਾ ਵੱਲੋਂ ਭਾਰਤ ’ਤੇ ਦੋਸ਼ ਲਾਉਣ ਤੋਂ ਬਾਅਦ ਆਪਣੇ ਦੇਸ਼ ’ਚ ਭਾਰਤੀ ਕੌਂਸਲੇਟ ’ਚੋਂ ਕੱਢੇ ਗਏ ਭਾਰਤੀ ਡਿਪਲੋਮੈਟ ਪਵਨ ਕੁਮਾਰ ਰਾਏ ਹੋ ਸਕਦੇ ਹਨ, ਜੋ ਪੰਜਾਬ ਦੇ ਮੋਗਾ, ਜਲੰਧਰ ਅਤੇ ਤਰਨ ਤਾਰਨ ’ਚ ਐਸ.ਐਸ.ਪੀ. ਰਹਿ ਚੁੱਕੇ ਹਨ। ਉਹ ਮੂਲ ਰੂਪ ’ਚ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਨਾਲ ਸਬੰਧਤ ਹਨ।
ਦੋਸ਼ਪੱਤਰ ਅਨੁਸਾਰ ਸੀਸੀ-1 ਵੱਲੋਂ ਸੰਪਰਕ ਕੀਤੇ ਜਾਣ ਮਗਰੋਂ ਨਿਖਿਲ ਗੁਪਤਾ ਨੇ ਇੱਕ ਹਿੱਟਮੈਨ ਨੂੰ 1 ਲੱਖ ਅਮਰੀਕੀ ਡਾਲਰ ’ਚ ਕਤਲ ਕਰਨ ਲਈ ਕਿਰਾਏ ’ਤੇ ਰੱਖਿਆ ਸੀ ਅਤੇ ਉਸ ਨੂੰ 15 ਹਜ਼ਾਰ ਡਾਲਰ ਦੀ ਪੇਸ਼ਗੀ ਦਿੱਤੀ ਜਾਣੀ ਤੈਅ ਕੀਤੀ ਗਈ ਸੀ। ਹਾਲਾਂਕਿ ਗੁਪਤਾ ਨੂੰ ਇਹ ਨਹੀਂ ਪਤਾ ਸੀ ਕਿ ਇਹ ਹਿੱਟਮੈਨ ਅਸਲ ’ਚ ਅਮਰੀਕੀ ਪੁਲਿਸ ਦਾ ਅਫ਼ਸਰ ਹੀ ਹੈ।
ਜੂਨ ’ਚ ਸੀਸੀ-1 ਨੇ ਨਿਖਿਲ ਗੁਪਤਾ ਨੂੰ ਪੀੜਤ ਦਾ ਪਤਾ ਅਤੇ ਅਤੇ ਉਸ ਦਾ ਪੂਰਾ ਵੇਰਵਾ ਦਿੱਤਾ। ਨਿਖਿਲ ਗੁਪਤਾ ਨੇ ਹਿੱਟਮੈਨ ਨੂੰ ਛੇਤੀ ਤੋਂ ਛੇਤੀ ਕਤਲ ਨੂੰ ਅੰਜਾਮ ਦੇਣ ਲਈ ਕਿਹਾ ਪਰ ਇਹ ਵੀ ਕਿਹਾ ਕਿ ਇਹ ਕਤਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੂਨ ’ਚ ਹੋਈ ਫੇਰੀ ਦੌਰਾਨ ਨਾ ਕੀਤਾ ਜਾਵੇ ਤਾਂ ਕਿ ਉਨ੍ਹਾਂ ਵਿਰੁਧ ਉੱਥੇ ਪ੍ਰਦਰਸ਼ਨ ਨਾ ਸ਼ੁਰੂ ਹੋ ਜਾਣ।
ਕੌਣ ਹੈ ਗੁਰਪਤਵੰਤ ਸਿੰਘ ਪੰਨੂੰ?
ਪੰਨੂ ਨਿਊਯਾਰਕ ਸਥਿਤ ਸਮੂਹ ਸਿੱਖਸ ਫਾਰ ਜਸਟਿਸ ਦੇ ਸੰਸਥਾਪਕ ਹਨ, ਜਿਨ੍ਹਾਂ ਨੇ ਖਾਲਿਸਤਾਨ ਦੇ ਗਠਨ ’ਤੇ ਗੈਰ-ਅਧਿਕਾਰਤ ਅੰਤਰਰਾਸ਼ਟਰੀ ਰੈਫਰੈਂਡਮ ਕਰਵਾਉਣ ਦੀ ਮੁਹਿੰਮ ਵਿੱਢੀ ਹੋਈ ਹੈ। ਕੈਨੇਡੀਅਨ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਵੀ ਜੂਨ ਵਿੱਚ ਵੈਨਕੂਵਰ ਦੇ ਇੱਕ ਗੁਰਦੁਆਰੇ ਬਾਹਰ ਬਾਹਰ ਗੋਲੀ ਮਾਰ ਕੇ ਕਤਲ ਕੀਤੇ ਜਾਣ ਤੋਂ ਪਹਿਲਾਂ ਇਸੇ ਮਕਸਦ ਦੀ ਵਕਾਲਤ ਕਰ ਰਹੇ ਸਨ। ਤਿੰਨ ਮਹੀਨੇ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਖੁਫੀਆ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ ਭਾਰਤ ਸਰਕਾਰ ਦੇ ਏਜੰਟ ਇਸ ਵਿਚ ਸ਼ਾਮਲ ਸਨ। ਨਿੱਜਰ ਅਤੇ ਪੰਨੂ ਦੋਵਾਂ ਨੂੰ ਭਾਰਤ ਨੇ ‘ਅਤਿਵਾਦੀ’ ਐਲਾਨਿਆ ਸੀ। ਪਰ ਭਾਰਤ ਨੇ ਕੈਨੇਡੀਅਨ ਦਾਅਵੇ ਨੂੰ ‘ਬੇਤੁਕਾ’ ਕਰਾਰ ਦਿੱਤਾ ਅਤੇ ਦੋਹਾਂ ਦੇਸ਼ਾਂ ਨੇ ਇੱਕ-ਦੂਜੇ ਦੇ ਡਿਪਲੋਮੈਟਾਂ ਨੂੰ ਆਪਣੇ ਦੇਸ਼ ਤੋਂ ਬਾਹਰ ਜਾਣ ਲਈ ਕਹਿ ਦਿੱਤਾ ਸੀ।
ਪੰਨੂੰ ਦੀ ਪ੍ਰਤੀਕਿਰਿਆ
ਅੱਜ ਦੇ ਘਟਨਾਕ੍ਰਮ ਤੋਂ ਬਾਅਦ ਪੰਨੂ ਨੇ ਕਿਹਾ, ‘‘ਪਹਿਲਾਂ ਕੈਨੇਡਾ ਵਿਚ ਨਿੱਝਰ ਦਾ ਕਤਲ ਕਰ ਕੇ ਅਤੇ ਫਿਰ ਅਮਰੀਕੀ ਧਰਤੀ ‘ਤੇ ਮੇਰਾ ਕਤਲ ਕਰਨ ਦੀ ਕੋਸ਼ਿਸ਼ ਕਰਕੇ, ਮੋਦੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਨੇ ਸਿੱਖ ਅੰਦੋਲਨ ਨੂੰ ਹਿੰਸਕ ਢੰਗ ਨਾਲ ਕੁਚਲਣ ਦੀ ਆਪਣੀ ਨੀਤੀ ਨੂੰ ਵਿਦੇਸ਼ੀ ਧਰਤੀ ਤੱਕ ਵਧਾ ਦਿੱਤਾ ਹੈ।’’ ਇੱਕ ਸੋਸ਼ਲ ਮੀਡੀਆ ਪੋਸਟ ’ਚ ਪੰਨੂੰ ਨੇ ਕਿਹਾ ਕਿ ਉਹ ਰੈਫ਼ਰੰਡਮ ਕਰਵਾਉਣ ਦੀ ਆਪਣੀ ਮੁਹਿੰਮ ਚਾਲੂ ਰੱਖਣਗੇ।
ਭਾਰਤ ਅਮਰੀਕਾ ਦੇ ਰਿਸ਼ਿਤਆਂ ’ਚ ਪਿਆ ਵੱਟ!
ਵ੍ਹਾਈਟ ਹਾਊਸ ਨੇ ਕਿਹਾ ਕਿ ਉਸ ਨੇ ਇਹ ਮੁੱਦਾ ਭਾਰਤ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਕੋਲ ਉਠਾਇਆ ਗਿਆ ਸੀ, ਜਿਨ੍ਹਾਂ ਨੇ ਇਸ ’ਤੇ ਹੈਰਾਨੀ ਅਤੇ ਚਿੰਤਾ ਪ੍ਰਗਟਾਈ ਸੀ। ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਬੁਲਾਰੇ ਐਡਰਿਨ ਵਾਟਸਨ ਨੇ ਕਿਹਾ ਕਿ ਭਾਰਤ ਅਨੁਸਾਰ ਇਸ ਤਰ੍ਹਾਂ ਦੀ ਗਤੀਵਿਧੀ ਉਨ੍ਹਾਂ ਦੀ ਨੀਤੀ ਨਹੀਂ ਹੈ। ਵਾਟਸਨ ਨੇ ਕਿਹਾ ਕਿ ਭਾਰਤ ਨੇ ਹੁਣ ਅਮਰੀਕਾ ਨੂੰ ਕਿਹਾ ਹੈ ਕਿ ਉਹ ਗੁਪਤਾ ਨਾਲ ਜੁੜੇ ਦੋਸ਼ਾਂ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ ਅਤੇ ਜਾਂਚ ਕਰੇਗਾ।
ਇਸ ਸਭ ਨਾਲ ਭਾਰਤ ਨਾਲ ਵਾਸ਼ਿੰਗਟਨ ਦੇ ਰਿਸ਼ਤੇ ਹੋਰ ਗੁੰਝਲਦਾਰ ਹੋਣ ਦੀ ਸੰਭਾਵਨਾ ਹੈ, ਜਿਸ ਨੂੰ ਉਸ ਨੇ ਚੀਨ ਦੇ ਵਧਦੇ ਪ੍ਰਭਾਵ ਦਾ ਮੁਕਾਬਲਾ ਕਰਨ ਲਈ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੋਵੇਂ ਦੇਸ਼ ਆਸਟਰੇਲੀਆ ਅਤੇ ਜਾਪਾਨ ਦੇ ਨਾਲ ਕਵਾਡ ਵਜੋਂ ਜਾਣੇ ਜਾਂਦੇ ਸੁਰੱਖਿਆ ਸਮੂਹ ਦੇ ਮੈਂਬਰ ਹਨ। ਸਿੱਖਸ ਫਾਰ ਜਸਟਿਸ ਗਰੁੱਪ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਸ਼ਹਿਰਾਂ ਵਿੱਚ ਵੀ ਸਰਗਰਮ ਰਿਹਾ ਹੈ। ਸਮੂਹ ਨੇ ਕਿਹਾ ਕਿ ਜਨਵਰੀ ਵਿਚ ਮੈਲਬਰਨ ਵਿਚ ਹੋਏ ਰੈਫਰੈਂਡਮ ਵਿਚ 55,000 ਤੋਂ ਵੱਧ ਲੋਕਾਂ ਨੇ ਵੋਟ ਪਾਈ ਸੀ।