ਅਮਰੀਕਾ ’ਚ ਪੰਨੂੰ ਦੇ ‘ਕਤਲ ਦੀ ਕੋਸ਼ਿਸ਼ ਨਾਕਾਮ’, ਆਸਟ੍ਰੇਲੀਆ ’ਚ ਵੀ ਭਾਰਤ ਵਿਰੁਧ ਉੱਠਣ ਲੱਗੇ ਸਵਾਲ!

ਮੈਲਬਰਨ: ਅਮਰੀਕੀ ਏਜੰਸੀਆਂ ਵੱਲੋਂ ਇੱਕ ਖਾਲਿਸਤਾਨ ਹਮਾਇਤੀ ਗੁਰਪਤਵੰਤ ਸਿੰਘ ਪੰਨੂੰ ਦੇ ਕਤਲ ਕਰਨ ਦੀ ਕੋਸ਼ਿਸ਼ ਨਾਕਾਮ ਕਰਨ ਦੀਆਂ ਖ਼ਬਰਾਂ ਤੋਂ ਬਾਅਦ, ਭਾਰਤ ਨੂੰ ਇਸ ਕੋਸ਼ਿਸ਼ ਦੀ ਸਾਜ਼ਸ਼ ਰਚਣ ਦੇ ਇਲਜ਼ਾਮਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਾਜ਼ਾ ਇਲਜ਼ਾਮ ਯੂ.ਕੇ. ਦੀ ਇੱਕ ਪ੍ਰਮੁੱਖ ਅਖ਼ਬਾਰ ‘ਫ਼ਾਈਨੈਂਸ਼ੀਅਲ ਟਾਈਮਜ਼’ ਦੇ ਪਹਿਲੇ ਪੰਨੇ ’ਤੇ ਛਪੀ ਇੱਕ ਖ਼ਬਰ ਤੋਂ ਬਾਅਦ ਸਾਹਮਣੇ ਆਏ ਹਨ ਜਿਸ ’ਚ ਕਿਹਾ ਗਿਆ ਹੈ ਕਿ ਅਮਰੀਕਾ ਦੀ ਧਰਤੀ ’ਤੇ ਇਕ ਅਮਰੀਕੀ ਅਤੇ ਕੈਨੇਡੀਅਨ ਨਾਗਰਿਕ ਨੂੰ ਕਤਲ ਕਰਨ ਕੀਤੀ ਗਈ ਸੀ। ਇਸ ਬਾਰੇ ਇੱਕ ਸ਼ੱਕੀ ਵਿਰੁਧ ਨਿਊਯਾਰਕ ਦੀ ਇੱਕ ਅਦਾਲਤ ਵਿੱਚ ਅਦਾਲਤੀ ਦੋਸ਼ ਵੀ ਦਾਇਰ ਕੀਤਾ ਗਿਆ ਹੈ।

ਫ਼ਾਈਨੈਂਸ਼ੀਅਲ ਟਾਈਮਜ਼ ’ਚ ਛਪੀ ਖ਼ਬਰ ’ਤੇ ਪ੍ਰਤੀਕਿਰਿਆ ਦਿੰਦਿਆਂ ਵਾਈਟ ਹਾਊਸ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਪੰਨੂ ਦੇ ਕੇਸ ਨੂੰ ‘ਬਹੁਤ ਗੰਭੀਰਤਾ’ ਨਾਲ ਲੈ ਰਿਹਾ ਹੈ। ਖ਼ਬਰ ਅਨੁਸਾਰ ਇਸ ਬਾਰੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਵੀ ਨਵੀਂ ਦਿੱਲੀ ’ਚ ਜੀ20 ਮੀਟਿੰਗ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਿਰੰਦਰ ਮੋਦੀ ਕੋਲ ਸਾਜ਼ਸ਼ ਦਾ ਮੁੱਦਾ ਚੁਕਿਆ ਸੀ।

ਭਾਰਤ ’ਤੇ ਤਾਜ਼ਾ ਇਲਜ਼ਾਮ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਉਸ ਟਿੱਪਣੀ ਤੋਂ ਦੋ ਕੁ ਮਹੀਨੇ ਬਾਅਦ ਲੱਗੇ ਹਨ ਕਿ ਜੂਨ ਵਿੱਚ ਇੱਕ ਕੈਨੇਡੀਅਨ ਨਾਗਰਿਕ ਅਤੇ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤੀ ਖੁਫੀਆ ਏਜੰਸੀਆਂ ਦਾ ਹੱਥ ਹੋਣ ਦਾ ਸ਼ੱਕ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਵਾਈਟ ਹਾਊਸ ਦੀ ਇਸ ਪ੍ਰਤੀਕਿਰਿਆ ਤੋਂ ਬਾਅਦ ਭਾਰਤ ਲਈ ਦੋਸ਼ਾਂ ਨੂੰ ਨਕਾਰਨਾ ਬਹੁਤ ਮੁਸ਼ਕਲ ਹੋ ਜਾਵੇਗਾ, ਜਿਸ ਤਰ੍ਹਾਂ ਉਸ ਨੇ ਕੈਨੇਡਾ ਦੇ ਦੋਸ਼ਾਂ ਨੂੰ ਨਕਾਰ ਦਿੱਤਾ ਸੀ ਅਤੇ ਕਿਹਾ ਸੀ ਇਹ ਦੋਸ਼ ਬੇਬੁਨਿਆਦ ਹਨ। ਭਾਰਤ ਨੇ ਕੈਨੇਡਾ ਤੋਂ ਇਨ੍ਹਾਂ ਦੋਸ਼ਾਂ ਬਾਰੇ ਸਬੂਤ ਵੀ ਮੰਗੇ ਹਨ। ਖ਼ਬਰ ’ਚ ਇਹ ਵੀ ਦਸਿਆ ਗਿਆ ਹੈ ਕਿ ਅਮਰੀਕਾ ਨੇ ਕੈਨੇਡਾ ’ਚ ਹੋਏ ਨਿੱਝਰ ਦੇ ਕਤਲ ਦੀ ਸਾਜ਼ਸ਼ ਬਾਰੇ ਵੇਰਵਾ ਆਪਣੇ ਮਿੱਤਰ ਦੇਸ਼ਾਂ ਨਾਲ ਸਾਂਝਾ ਕੀਤਾ ਹੈ, ਜਿਸ ਕਾਰਨ ਭਾਰਤ ਵੱਲੋਂ ਇਸ ਤਰ੍ਹਾਂ ਦਾ ਵਤੀਰਾ ਹੋਰਨਾਂ ਦੇਸ਼ਾਂ ’ਚ ਵਾਪਰਨ ਬਾਰੇ ਚਿੰਤਾਵਾਂ ਨੂੰ ਵੀ ਹਵਾ ਮਿਲੀ ਹੈ।

ਅਮਰੀਕਾ ਨੇ ਜਿਨ੍ਹਾਂ ਮਿੱਤਰ ਦੇਸ਼ਾਂ ਦਾ ਜ਼ਿਕਰ ਕੀਤਾ ਸੀ ਉਨ੍ਹਾਂ ’ਚ ਪੰਜ ਖੁਫ਼ੀਆ ਦੇਸ਼ਾਂ ਦੇ ਨੈੱਟਵਰਕ ‘ਫਾਈਵ ਆਈਜ਼’ ’ਚੋਂ ਇੱਕ ਆਸਟ੍ਰੇਲੀਆ ਵੀ ਸ਼ਾਮਲ ਹੈ। ਕੈਨੇਡਾ ਵਲੋਂ ਭਾਰਤ ’ਤੇ ਲਗਾਏ ਇਲਜ਼ਾਮਾਂ ਬਾਰੇ ਆਸਟ੍ਰੇਲੀਆ ਦੀ ਖੁਫ਼ੀਆ ਏਜੰਸੀ ASIO ਦੇ ਮੁਖੀ ਮਾਈਕ ਬਰਗੇਸ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਭਾਰਤ ਸਰਕਾਰ ਅਤੇ ਇੱਕ ਕੈਨੇਡੀਅਨ ਨਾਗਰਿਕ ਦੀ ਹੱਤਿਆ ਵਿਚਕਾਰ ਸੰਭਾਵੀ ਸਬੰਧ ਦੇ ਕੈਨੇਡਾ ਦੇ ਦਾਅਵਿਆਂ ’ਤੇ ‘ਸ਼ੱਕ ਕਰਨ ਦਾ ਕੋਈ ਕਾਰਨ ਨਹੀਂ’ ਹੈ।

ਆਸਟ੍ਰੇਲੀਆ ’ਚ ਵੀ ਸ਼ੱਕ ਦੀ ਸੂਈ ਭਾਰਤ ਵੱਲ

ਮਸਲਾ ਆਸਟ੍ਰੇਲੀਆ ਲਈ ਸੰਵੇਦਨਸ਼ੀਲ ਹੈ, ਕਿਉਂਕਿ ASIO ਦੀ ਨਵੀਨਤਮ ਸਾਲਾਨਾ ਰਿਪੋਰਟ ਵਿੱਚ ‘ਪਿਛਲੇ ਸਾਲ ਦੇ ਅਖੀਰ ’ਚ ਆਸਟ੍ਰੇਲੀਅਨ ਨਾਗਰਿਕ ਅਤੇ ਉਸ ਦੇ ਪਰਿਵਾਰ ਵਿਰੁੱਧ ਆਸਟ੍ਰੇਲੀਆ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਕਰਨ ਵਾਲੇ ਵਿਅਕਤੀਆਂ ਦੇ ਇੱਕ ਨੈਟਵਰਕ ਵੱਲੋਂ ਕਾਰਵਾਈ’ ਦਾ ਵੇਰਵਾ ਦਿੱਤਾ ਗਿਆ ਹੈ। ਭਾਵੇਂ ਰਿਪੋਰਟ ’ਚ ਕਿਸੇ ਦੇਸ਼ ਦਾ ਨਾਂ ਨਹੀਂ ਲਿਖਿਆ ਗਿਆ ਹੈ, ਬਲਕਿ ਸਿਰਫ਼ ਉਨ੍ਹਾਂ ਦੀਆਂ ਕਾਰਵਾਈਆਂ ਨੂੰ ‘ਵਿਦੇਸ਼ੀਆਂ ਦੀਆਂ ਹਦਾਇਤਾਂ ਅਨੁਸਾਰ ਚਲਾਉਣ’ ਬਾਰੇ ਗੱਲ ਕੀਤੀ ਗਈ ਹੈ। ਪਹਿਲਾਂ ਇਨ੍ਹਾਂ ਕਾਰਵਾਈਆਂ ਪਿੱਛੇ ਚੀਨ ਜਾਂ ਕੰਬੋਡੀਆ ਦਾ ਹੱਥ ਮੰਨਿਆ ਜਾ ਰਿਹਾ ਸੀ ਜਿਨ੍ਹਾਂ ਦਾ ਆਸਟ੍ਰੇਲੀਆ ’ਚ ਆਪਣੇ ਆਲੋਚਕਾਂ ਵਿਰੁਧ ਕਾਰਵਾਈ ਕਰਨ ਦਾ ਇਤਿਹਾਸ ਰਿਹਾ ਹੈ, ਪਰ ਹੁਣ ਹੈਰਾਨੀਜਨਕ ਤੌਰ ’ਤੇ ਇਸ ਸੂਚੀ ’ਚ ਭਾਰਤ ਦਾ ਨਾਂ ਵੀ ਸ਼ਾਮਲ ਹੋ ਗਿਆ ਲਗਦਾ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਪਿਛਲੇ ਸਾਲ ਦਸੰਬਰ ਵਿੱਚ ਆਸਟਰੇਲੀਆ ਅੰਦਰ ਖਾਲਿਸਤਾਨੀ ਕਾਰਕੁਨਾਂ ਬਾਰੇ ਭਾਰਤ ਬਹੁਤ ਜ਼ਿਆਦਾ ਪ੍ਰੇਸ਼ਾਨ ਸੀ, ਜਿਸ ਵਿੱਚ ਸਥਾਨਕ ਹਿੰਦੂ ਮੰਦਰਾਂ ’ਚ ਤੋੜਭੰਨ ਸ਼ਾਮਲ ਸੀ, ਮੋਦੀ ਨੇ ਖੁਦ ਮਈ ਵਿੱਚ ਇੱਕ ਫੇਰੀ ਦੌਰਾਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਕੋਲ ਇਹ ਮੁੱਦਾ ਉਠਾਇਆ ਸੀ।

ਤਾਜ਼ਾ ਦੋਸ਼ਾਂ ਤੋਂ ਪਹਿਲਾਂ ਵਿਦੇਸ਼ ਮੰਤਰੀ ਪੈਨੀ ਵੋਂਗ ਇਸ ਹਫ਼ਤੇ ਭਾਰਤ ਵਿੱਚ ਸਨ। ਜਦੋਂ ਇੱਕ ਪ੍ਰੈਸ ਕਾਨਫਰੰਸ ਵਿੱਚ ਪਹਿਲਾਂ ਕੈਨੇਡੀਅਨ ਦਾਅਵਿਆਂ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਦੇ ਭਾਰਤੀ ਹਮਰੁਤਬਾ ਸੁਬਰਾਮਨੀਅਮ ਜੈਸ਼ੰਕਰ ਨੇ ਪੁਸ਼ਟੀ ਕੀਤੀ ਕਿ ਇਸ ਮੁੱਦੇ ਬਾਰੇ ਭਾਰਤ ਨੇ ਆਸਟ੍ਰੇਲੀਆ ਸਾਹਮਣੇ ਆਪਣੇ ਪੱਖ ਰਖਿਆ ਸੀ।