ਆਸਟ੍ਰੇਲੀਆ ਦੀ ਬੈਂਕਿੰਗ ਤਕਨਾਲੋਜੀ ’ਚ ਅੱਜ ਹੋਣ ਜਾ ਰਹੀ ਹੈ ਵੱਡੀ ਤਬਦੀਲੀ, ਇਸ ਤਰ੍ਹਾਂ ਹੋਵੇਗਾ ਘਪਲੇਬਾਜ਼ਾਂ ਦਾ ਮੁਕਾਬਲਾ (Banking technical uplifts to combat scammers)

ਮੈਲਬਰਨ: ਗਾਹਕਾਂ ਨੂੰ ਘਪਲੇਬਾਜ਼ਾਂ (Scammers) ਤੋਂ ਸੁਰੱਖਿਅਤ ਕਰਨ ਲਈ ਆਸਟ੍ਰੇਲੀਆਈ ਬੈਂਕ ਆਪਣੀਆਂ ਪ੍ਰਕਿਰਿਆਵਾਂ ਵਿੱਚ ਵਿਆਪਕ ਬਦਲਾਅ ਪੇਸ਼ ਕਰਨ ਜਾ ਰਹੇ ਹਨ। ‘ਸਕੈਮ-ਸੁਰੱਖਿਅਤ ਸਮਝੌਤਾ’ ਪਹਿਲਕਦਮੀ ਵਿੱਚ ਛੇ ਉਪਾਅ ਸ਼ਾਮਲ ਹੋਣਗੇ ਜਿਨ੍ਹਾਂ ਵਿੱਚ ਉੱਚ-ਜੋਖਮ ਵਾਲੇ ਚੈਨਲਾਂ ਲਈ ਭੁਗਤਾਨਾਂ ਨੂੰ ਸੀਮਿਤ ਕਰਨਾ ਅਤੇ ਗਾਹਕਾਂ ਨੂੰ ਸੰਭਾਵੀ ਘਪਲੇਬਾਜ਼ਾਂ ਨੂੰ ਭੁਗਤਾਨਾਂ ਪ੍ਰਤੀ ਸੁਚੇਤ ਕਰਨਾ ਸ਼ਾਮਲ ਹੈ। ਨਵਾਂ ਬੈਂਕ ਖਾਤਾ ਖੋਲ੍ਹਣ ਵਾਲੇ ਹਰ ਆਸਟ੍ਰੇਲੀਅਨ ਨੂੰ ਭੁਗਤਾਨ ਪ੍ਰਾਪਤੀ ਦੀ ਪੁਸ਼ਟੀ ਕਰਨ ਵਾਲੀ ਤਕਨਾਲੋਜੀ ’ਚੋਂ ਲੰਘਣਾ ਪਵੇਗਾ, ਜਿਸ ਅਧੀਨ ਕਿਸੇ ਨੂੰ ਭੁਗਤਾਨ ਕਰਨ ਜਾਂ ਕਿਸੇ ਤੋਂ ਭੁਗਤਾਨ ਪ੍ਰਾਪਤ ਕਰਨ ਵੇਲੇ ਖਾਤੇ ਦੇ ਨਾਮ ਦੀ ਜਾਂਚ (Name-checking technology) ਕੀਤੀ ਜਾਵੇਗੀ।

ਆਸਟ੍ਰੇਲੀਅਨ ਬੈਂਕਿੰਗ ਐਸੋਸੀਏਸ਼ਨ (ABA) ਅਤੇ ਕਮਿਊਨਿਟੀ ਓਨਡ ਬੈਂਕਿੰਗ ਐਸੋਸੀਏਸ਼ਨ (COBA) ਨੇ ਇਸ ਪਹਿਲਕਦਮੀ ਦੀ ਅਗਵਾਈ ਕੀਤੀ ਹੈ। ਵੈਸਟਪੈਕ ਦੇ ਮੁੱਖ ਕਾਰਜਕਾਰੀ ਪੀਟਰ ਕਿੰਗ ਨੇ ਕਿਹਾ ਕਿ ਇਹ ਆਸਟਰੇਲੀਆਈ ਲੋਕਾਂ ਦੀ ਸੁਰੱਖਿਆ ਲਈ ਇੱਕ ਮਹੱਤਵਪੂਰਨ ਕਦਮ ਹੈ। ਕਿੰਗ ਨੇ ਕਿਹਾ ਕਿ ਇਹ ਪਹਿਲਕਦਮੀ ਆਸਟ੍ਰੇਲੀਆਈ ਬੈਂਕਿੰਗ ਲਈ ਹਾਲ ਹੀ ਦੇ ਸਮੇਂ ਵਿੱਚ ਸਭ ਤੋਂ ਵੱਡੇ ਤਕਨੀਕੀ ਸੁਧਾਰਾਂ ’ਚੋਂ ਇੱਕ ਹੋਵੇਗੀ। ਉਨ੍ਹਾਂ ਕਿਹਾ, ‘‘ਵੈਸਟਪੈਕ ਨੇ ਆਪਣੇ ਘਪਲਿਆਂ ਦੀ ਪਛਾਣ ਅਤੇ ਰੋਕਥਾਮ ਦੇ ਉਪਾਵਾਂ ਨੂੰ ਉੱਚਾ ਚੁੱਕਣ ਵਿੱਚ ਨਿਵੇਸ਼ ਕਰਨਾ ਜਾਰੀ ਰੱਖਿਆ ਹੈ ਜਿਸ ਨਾਲ ਪਿਛਲੇ ਸਾਲ ਦੌਰਾਨ ਗਾਹਕਾਂ ਦੇ 23.5 ਕਰੋੜ ਡਾਲਰ ਘਪਲੇਬਾਜ਼ਾਂ ਦੇ ਹੱਥਾਂ ’ਚ ਜਾਣ ਤੋਂ ਰੋਕੇ ਗਏ ਹਨ ਅਤੇ ਹੁਣ ਸਾਨੂੰ ਸਾਰੇ ਮਾਮਲਿਆਂ ਵਿੱਚੋਂ 60 ਪ੍ਰਤੀਸ਼ਤ ਤੋਂ ਵੱਧ ਦਾ ਪਤਾ ਲੱਗ ਰਿਹਾ ਹੈ।’’

ਪਹਿਲਕਦਮੀ ਵਿੱਚ ਸ਼ਾਮਲ ਹੋਰ ਉਪਾਵਾਂ ਵਿੱਚ ਬੈਂਕ ਖਾਤਿਆਂ ਦੀ ਦੁਰਵਰਤੋਂ ਨੂੰ ਰੋਕਣ ਲਈ ਬਾਇਓਮੈਟ੍ਰਿਕ ਜਾਂਚ, ਪੂਰੇ ਸੈਕਟਰ ਵਿੱਚ ਖੁਫੀਆ ਜਾਣਕਾਰੀ ਸਾਂਝੀ ਕਰਨ ਦਾ ਵਿਸਤਾਰ ਕਰਨਾ ਅਤੇ ਘਪਲਾ ਵਿਰੋਧੀ ਰਣਨੀਤੀ ਨੂੰ ਲਾਗੂ ਕਰਨਾ ਸ਼ਾਮਲ ਹੈ। ਆਸਟ੍ਰੇਲੀਅਨ ਲੋਕ ਪਹਿਲਾਂ ਹੀ ਇਸ ਸਾਲ ਬੈਂਕਿੰਗ ਧੋਖਾਧੜੀਆਂ ਕਾਰਨ 43 ਕਰੋੜ ਡਾਲਰ ਦੇ ਕਰੀਬ ਗੁਆ ਚੁੱਕੇ ਹਨ।