ਮੈਲਬਰਨ: Optus ਦੇ CEO ਕੇਲੀ ਬੇਅਰ ਰੋਸਮਾਰਿਨ ਨੇ ਅਸਤੀਫਾ ਦੇ ਦਿੱਤਾ ਹੈ। ਇਹ ਫੈਸਲਾ ਦੇਸ਼ ਵਿਆਪੀ ਆਊਟੇਜ ਤੋਂ ਬਾਅਦ ਆਇਆ ਹੈ ਜਿਸ ਕਾਰਨ ਗਾਹਕਾਂ ਅਤੇ ਕਾਰੋਬਾਰਾਂ ਨੂੰ 14 ਘੰਟਿਆਂ ਤੱਕ ਸੰਚਾਰ ਸੇਵਾ ਤੋਂ ਬਿਨਾਂ ਰਹਿਣਾ ਪਿਆ ਸੀ। 8 ਨਵੰਬਰ ਨੂੰ ਵਾਪਰੀ ਆਊਟੇਜ ਨੇ 1 ਕਰੋੜ ਤੋਂ ਵੱਧ ਆਸਟ੍ਰੇਲੀਅਨਾਂ ਦਾ ਸੰਪਰਕ ਕੱਟ ਦਿੱਤਾ ਸੀ। ਆਊਟੇਜ 90 ਤੋਂ ਵੱਧ ਸਿਸਕੋ ਰਾਊਟਰਾਂ ’ਚ ਪਏ ਇੱਕ ਸੰਰਚਨਾ ਨੁਕਸ ਕਾਰਨ ਵਾਪਰੀ ਸੀ, ਜੋ ਕਿ ਇੱਕ ਰੁਟੀਨ ਸੌਫਟਵੇਅਰ ਅੱਪਗਰੇਡ ਤੋਂ ਬਾਅਦ ਸਿੰਗਟੇਲ ਇੰਟਰਨੈਟ ਐਕਸਚੇਂਜ (STiX) ਤੋਂ ਸਪਲਾਈ ਕੀਤੀ ਗਈ ਰੂਟਿੰਗ ਜਾਣਕਾਰੀ ਵਿੱਚ ਤਬਦੀਲੀਆਂ ਨੂੰ ਸੰਭਾਲ ਨਹੀਂ ਸਕਿਆ।
ਰੋਸਮਾਰਿਨ ਅਪ੍ਰੈਲ 2020 ਤੋਂ Optus ਦੇ ਸੀ.ਈ.ਓ. ਸਨ ਅਤੇ ਇਸ ਤੋਂ ਪਹਿਲਾਂ ਇੱਕ ਸਾਲ ਲਈ ਡਿਪਟੀ ਸੀ.ਈ.ਓ. ਰਹੇ। ਆਪਣੇ ਕਾਰਜਕਾਲ ਦੌਰਾਨ, ਉਨ੍ਹਾਂ ਨੂੰ ਆਸਟਰੇਲੀਆ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਡੇਟਾ ਉਲੰਘਣਾ, ਕੰਪਨੀ ’ਤੇ ਸਾਈਬਰ-ਹਮਲੇ ਅਤੇ ਹਾਲ ਹੀ ਵਿੱਚ ਆਊਟੇਜ ਵਰਗੀਆਂ ਸਮੱਸਿਆਵਾਂ ਨਾਲ ਦਾ ਸਾਹਮਣਾ ਕਰਨਾ ਪਿਆ।
ਆਊਟੇਜ ਤੋਂ ਬਾਅਦ, ਰੋਸਮਾਰਿਨ ਸੈਨੇਟ ਦੀ ਜਾਂਚ ਦੇ ਸਾਹਮਣੇ ਵੀ ਪੇਸ਼ ਹੋਏ ਸਨ। ਸੈਨੇਟ ਦੀ ਸੁਣਵਾਈ ਵਿੱਚ, ਰੋਸਮਾਰਿਨ ਨੇ ਕੰਪਨੀ ਦੇ ਆਊਟੇਜ ਨੂੰ ਸੰਭਾਲਣ ਅਤੇ ਸਰਕਾਰੀ ਮੰਤਰੀਆਂ, ਮੀਡੀਆ ਅਤੇ ਜਨਤਾ ਨਾਲ ਸੰਚਾਰ ਬਾਰੇ ਦੋ ਘੰਟਿਆਂ ਤੋਂ ਵੱਧ ਸਮੇਂ ਤੱਕ ਸਵਾਲਾਂ ਦਾ ਸਾਹਮਣਾ ਕੀਤਾ। ਉਨ੍ਹਾਂ ਨੇ ਮੰਨਿਆ ਕਿ ਕੰਪਨੀ ਨੇ ਆਊਟੇਜ ਦੌਰਾਨ ਸਿਰਫ ਚੋਣਵੇਂ ਮੀਡੀਆ ਇੰਟਰਵਿਊ ਪ੍ਰਦਾਨ ਕੀਤੇ ਸਨ। ਮੀਡੀਆ ਨਾਲ ਗੱਲਬਾਤ ਦੌਰਾਨ, ਉਨ੍ਹਾਂ ਨੇ ਅਪਣੇ ਸੰਭਾਵਿਤ ਅਸਤੀਫੇ ਬਾਰੇ ਸਵਾਲਾਂ ਨੂੰ ਟਾਲ ਦਿੱਤਾ। ਹਾਲਾਂਕਿ ਹੁਣ ਉਨ੍ਹਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ।
ਕੀ ਹੋਵੇਗਾ Optus ਦਾ ਭਵਿੱਖ?
Optus ਦੇ ਮੁੱਖ ਵਿੱਤੀ ਅਧਿਕਾਰੀ, ਮਾਈਕਲ ਵੇਂਟਰ, ਨੂੰ ਅੰਤਰਿਮ ਸੀ.ਈ.ਓ. ਵਜੋਂ ਨਿਯੁਕਤ ਕੀਤਾ ਗਿਆ ਹੈ। ਇੱਕ ਨਵੇਂ ਸੀ.ਈ.ਓ. ਲਈ ਵਿਸ਼ਵਵਿਆਪੀ ਖੋਜ ਸ਼ੁਰੂ ਹੋ ਗਈ ਹੈ। ਕੰਪਨੀ ਨੇ ਸਾਬਕਾ ਓਪਟਸ ਬਿਜ਼ਨਸ ਮੈਨੇਜਿੰਗ ਡਾਇਰੈਕਟਰ ਪੀਟਰ ਕਾਲੀਆਰੋਪੋਲੋਸ ਨੂੰ ਮੁੱਖ ਸੰਚਾਲਨ ਅਧਿਕਾਰੀ ਦੀ ਨਵੀਂ ਬਣਾਈ ਗਈ ਭੂਮਿਕਾ ਵਿੱਚ ਨਿਯੁਕਤ ਕੀਤਾ ਹੈ।
Optus ਦੀ ਮੂਲ ਕੰਪਨੀ, Singtel ਦੇ ਸਮੂਹ ਸੀ.ਈ.ਓ. ਨੇ ਕਿਹਾ ਹੈ ਕਿ ਉਨ੍ਹਾਂ ਦੀ ਤਰਜੀਹ ਭਾਈਚਾਰੇ ਅਤੇ ਗਾਹਕਾਂ ਦੇ ਫਾਇਦੇ ਲਈ ਨਵੀਨੀਕਰਣ ਦੇ ਮਾਰਗ ’ਤੇ ਅੱਗੇ ਵਧਣ ਬਾਰੇ ਹੈ। ਹਾਲਾਂਕਿ, ਅਜੇ ਤੱਕ ਕੋਈ ਖਾਸ ਯੋਜਨਾਵਾਂ ਜਾਂ ਸੰਭਾਵੀ ਉੱਤਰਾਧਿਕਾਰੀਆਂ ਦਾ ਐਲਾਨ ਨਹੀਂ ਕੀਤਾ ਗਿਆ ਹੈ। ਇਹ ਸੰਭਾਵਨਾ ਹੈ ਕਿ ਆਉਣ ਵਾਲੇ ਦਿਨਾਂ ਜਾਂ ਹਫ਼ਤਿਆਂ ਵਿੱਚ ਹੋਰ ਜਾਣਕਾਰੀ ਜਾਰੀ ਕੀਤੀ ਜਾਵੇਗੀ।