ਭਾਰਤ ਅੰਦਰ ਕੈਂਪਸ ਸਥਾਪਤ ਕਰਨ ਦੀ ਕੋਸ਼ਿਸ਼ ’ਚ ਆਸਟ੍ਰੇਲੀਆਈ ਯੂਨੀਵਰਸਿਟੀਆਂ (Australian universities)

ਮੈਲਬਰਨ: ਆਸਟ੍ਰੇਲੀਅਨ ਯੂਨੀਵਰਸਿਟੀਆਂ (Australian universities) ਵਿਸ਼ਾਲ ਵਿਦਿਆਰਥੀ ਬਾਜ਼ਾਰ ਨੂੰ ਵੇਖਦਿਆਂ ਭਾਰਤ ’ਚ ਹੀ ਆਪਣੇ ਕੈਂਪਸ ਸਥਾਪਤ ਕਰਨ ਦੀ ਯੋਜਨਾ ਬਣਾ ਰਹੀਆਂ ਹਨ। ਹਾਲਾਂਕਿ ਇਸ ਕਦਮ ਨਾਲ ਉਨ੍ਹਾਂ ਦੇ ਆਸਟ੍ਰੇਲੀਆਈ ਕੈਂਪਸਾਂ ਵਿੱਚ ਵੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮੰਗ ਨੂੰ ਪ੍ਰਭਾਵਿਤ ਹੋਣ ਦੀ ਸੰਭਾਵਨਾ ਨਹੀਂ ਹੈ। ਫ਼ੈਡਰਲ ਸਿੱਖਿਆ ਮੰਤਰੀ ਜੇਸਨ ਕਲੇਰ ਯੂਨੀਵਰਸਿਟੀ ਦੇ ਅਧਿਕਾਰੀਆਂ ਦੇ ਇੱਕ ਵਫ਼ਦ ਦੀ ਅਗਵਾਈ ਕਰਨਗੇ, ਜਿਸ ਦਾ ਉਦੇਸ਼ ਭਾਰਤੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਦੇਸ਼ ਅੰਦਰ ਹੀ ਸਿੱਖਿਅਤ ਕਰਨ ’ਚ ਆਸਟ੍ਰੇਲੀਆ ਦੀ ਭੂਮਿਕਾ ਨੂੰ ਮਜ਼ਬੂਤ ਕਰਨਾ ਹੈ।

ਭਾਰਤ ’ਚ ਵਿਦੇਸ਼ੀ ਯੂਨੀਵਰਸਿਟੀਆਂ ਨੂੰ ਕੰਮ ਕਰਨ ਦੀ ਇਜਾਜ਼ਤ ਦੇਣ ਵਾਲੇ ਮੋਦੀ ਸਰਕਾਰ ਦੇ ਆਗਾਮੀ ਨਿਯਮਾਂ ਦੀ ਉਮੀਦ ’ਚ, ਵੈਸਟਰਨ ਸਿਡਨੀ ਯੂਨੀਵਰਸਿਟੀ (WSU) ਨੇ ਦੱਖਣੀ ਭਾਰਤ ਸਥਿਤ ਬੰਗਲੁਰੂ ਵਿੱਚ ਇੱਕ ਕੈਂਪਸ ਖੋਲ੍ਹਣ ਦੀ ਯੋਜਨਾ ਬਣਾਈ ਹੈ। WSU ਦਾ ਉਦੇਸ਼ ਡੇਕਿਨ ਅਤੇ ਵੋਲੋਂਗੋਂਗ ਯੂਨੀਵਰਸਿਟੀਆਂ ਦੀ ਨਕਲ ਕਰਨਾ ਹੈ, ਜਿਨ੍ਹਾਂ ਨੇ ਪਹਿਲਾਂ ਹੀ ਭਾਰਤ ਦੇ ਗੁਜਰਾਤ GIFT ਸਿਟੀ ਜ਼ਿਲ੍ਹੇ ’ਚ ਕੈਂਪਸ ਸਥਾਪਤ ਕੀਤੇ ਹਨ।

ਭਾਰਤ ਦੀ ਰਾਸ਼ਟਰੀ ਸਿੱਖਿਆ ਨੀਤੀ, ਜਿਸ ਦਾ ਟੀਚਾ 2035 ਤੱਕ 50% ਨੌਜਵਾਨਾਂ ਨੂੰ ਉੱਚ ਸਿੱਖਿਆ ਵਿੱਚ ਦਾਖਲ ਕਰਵਾਉਣਾ ਹੈ, ਨੂੰ ਆਸਟ੍ਰੇਲੀਆ ਲਈ ਇੱਕ ‘ਸ਼ਾਨਦਾਰ ਮੌਕੇ’ ਵਜੋਂ ਵੇਖਿਆ ਜਾ ਰਿਹਾ ਹੈ। WSU ਦਾ ਪ੍ਰਸਤਾਵਿਤ ਭਾਰਤੀ ਕੈਂਪਸ STEM ਡਿਗਰੀਆਂ ਨੂੰ ਪੜ੍ਹਾਉਣ ’ਤੇ ਧਿਆਨ ਕੇਂਦਰਿਤ ਕਰੇਗਾ, ਜਿਸ ਲਈ ਉਹ ਸਥਾਨਕ ਅਤੇ ਆਸਟ੍ਰੇਲੀਆਈ ਅਕਾਦਮਿਕ ਭਰਤੀ ਕਰੇਗਾ, ਅਤੇ ਇਸ ਦਾ ਉਦੇਸ਼ ਪਹਿਲੇ ਪੰਜ ਸਾਲਾਂ ਅੰਦਰ 1000 ਤੋਂ ਵੱਧ ਵਿਦਿਆਰਥੀਆਂ ਦੇ ਦਾਖ਼ਲੇ ਕਰਨਾ ਹੈ।

ਭਾਰਤ ਵਿੱਚ ਸਿੱਖਿਆ ਦੇਣ ਦੀ ਯੋਜਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਆਸਟ੍ਰੇਲੀਆਈ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਮੇਲ ਖਾਂਦਾ ਹੈ। ਸਿੱਖਿਆ ਇਨ੍ਹਾਂ ਸਬੰਧਾਂ ਦਾ ਕੇਂਦਰੀ ਥੰਮ ਹੈ। ਇਹ ਕਦਮ ਯੂਨੀਵਰਸਿਟੀ ਸੈਕਟਰ ਲਈ ਭਾਰਤ ਦੇ ਵਧ ਰਹੇ ਮਹੱਤਵ ਨੂੰ ਵੀ ਦਰਸਾਉਂਦਾ ਹੈ, ਜਿਸ ਨੂੰ ਹੁਣ ‘ਘੱਟੋ-ਘੱਟ ਚੀਨ ਸਬੰਧਾਂ ਜਿੰਨਾ ਮਹੱਤਵਪੂਰਨ’ ਮੰਨਿਆ ਜਾਂਦਾ ਹੈ।

ਇਹ Australian universities ਬਣਾ ਰਹੀਆਂ ਨੇ ਭਾਰਤ ’ਚ ਸਿੱਖਿਆ ਪ੍ਰਦਾਨ ਦੀ ਯੋਜਨਾ 

ਇਨੋਵੇਟਿਵ ਰਿਸਰਚ ਯੂਨੀਵਰਸਿਟੀਜ਼ ਗਰੁੱਪ, ਜਿਸ ਵਿੱਚ ਵੈਸਟਰਨ ਸਿਡਨੀ ਯੂਨੀਵਰਸਿਟੀ, ਲਾ ਟ੍ਰੋਬ ਅਤੇ ਫਲਿੰਡਰ ਸ਼ਾਮਲ ਹਨ, ਭਾਰਤ ਵਿੱਚ ਸਿੱਖਿਆ ਪ੍ਰਦਾਨ ਕਰਨ ਲਈ ਸਹਿਯੋਗ ਕਰਨ ਦੀ ਯੋਜਨਾ ਬਣਾ ਰਹੇ ਹਨ। ਹਾਲਾਂਕਿ, ਵਿਦੇਸ਼ੀ ਕੈਂਪਸ ਆਸਟ੍ਰੇਲੀਆ ਦੀ 40 ਅਰਬ ਡਾਲਰ ਤੋਂ ਵੱਧ ਅੰਤਰਰਾਸ਼ਟਰੀ ਸਿੱਖਿਆ ਪ੍ਰਣਾਲੀ ਦਾ ਇੱਕ ਛੋਟਾ ਜਿਹਾ ਹਿੱਸਾ ਹੀ ਹਨ।

ਆਸਟ੍ਰੇਲੀਆ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਸਰੋਤ ਚੀਨ ਹੈ, ਪਰ ਭਾਰਤੀ ਵਿਦਿਆਰਥੀਆਂ ਦੀ ਆਮਦ ਵੀ ਤੇਜ਼ੀ ਨਾਲ ਵਧ ਰਹੀ ਹੈ। ਚੀਨੀ ਵਿਦਿਆਰਥੀਆਂ ਲਈ 98,000 ਵੀਜ਼ੇ ਦੇ ਮੁਕਾਬਲੇ 2022-23 ਵਿੱਤੀ ਸਾਲ ਵਿੱਚ ਭਾਰਤੀ ਵਿਦਿਆਰਥੀਆਂ ਨੂੰ 102,000 ਤੋਂ ਵੱਧ ਵਿਦਿਆਰਥੀ ਵੀਜ਼ੇ ਦਿੱਤੇ ਗਏ ਸਨ।

ਹਾਲਾਂਕਿ, ਮਹਾਂਮਾਰੀ ਤੋਂ ਬਾਅਦ ਦੇ ਇਸ ਉਛਾਲ ਨੂੰ ਧੋਖਾਧੜੀ ਦੇ ਮੁੱਦਿਆਂ ਨੇ ਪ੍ਰਭਾਵਿਤ ਕੀਤਾ ਗਿਆ ਹੈ। ਕੁਝ ਯੂਨੀਵਰਸਿਟੀਆਂ ਨੇ ਛੱਡ ਕੇ ਜਾਣ ਦੀਆਂ ਉੱਚ ਦਰਾਂ ਕਾਰਨ ਕੁਝ ਭਾਰਤੀ ਸਟੇਟਸ ਤੋਂ ਅਰਜ਼ੀਆਂ ’ਤੇ ਪਾਬੰਦੀ ਲਗਾ ਦਿੱਤੀ ਹੈ।

ਗ੍ਰੈਟਨ ਇੰਸਟੀਚਿਊਟ ਨੇ ਚਿੰਤਾ ਜ਼ਾਹਰ ਕੀਤੀ ਕਿ ਆਸਟ੍ਰੇਲੀਆ 2030 ਤੱਕ ਅਸਥਾਈ ਗ੍ਰੈਜੂਏਟ ਵੀਜ਼ਿਆਂ ’ਤੇ ਲੋਕਾਂ ਦੀ ਗਿਣਤੀ ਨੂੰ ਦੁੱਗਣਾ ਕਰ ਕੇ 370,000 ਕਰਨ ਦੇ ਰਾਹ ’ਤੇ ਹੈ, ਜਿਸ ਨਾਲ ਰਿਹਾਇਸ਼ ਵਰਗੇ ਖੇਤਰਾਂ ’ਤੇ ਦਬਾਅ ਹੋਰ ਵਧ ਸਕਦਾ ਹੈ। ਫੈਡਰਲ ਸਿੱਖਿਆ ਮੰਤਰੀ ਜੇਸਨ ਕਲੇਰ ਨੇ ਦੇਸ਼ ਅੰਦਰ ਸਿੱਖਿਆ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ, ਭਾਰਤ ਵਿੱਚ ਹੀ ਭਾਰਤੀ ਵਿਦਿਆਰਥੀਆਂ ਨੂੰ ਸਿਖਲਾਈ ਦੇਣ ‘ਤੇ ਜ਼ੋਰ ਦਿੱਤਾ।

Leave a Comment