ਲਗਾਤਾਰ ਤੀਜੇ ਸਾਲ ਕ੍ਰਿਸਮਸ ’ਤੇ ਮੰਡਰਾ ਰਿਹੈ ਕੋਵਿਡ-19 ਦਾ ਖ਼ਤਰਾ (COVID Christmas), ਜਾਣੋ ਕੀ ਕਹਿਣੈ ਸਿਹਤ ਵਿਭਾਗ ਦਾ

ਮੈਲਬਰਨ: ਨਿਊ ਸਾਊਥ ਵੇਲਜ਼ (NSW) ਹੈਲਥ ਅਨੁਸਾਰ ਸਿਡਨੀ ਨੂੰ ਲਗਾਤਾਰ ਤੀਜੇ ਸਾਲ ‘COVID Christmas’ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਵਾਇਰਸ ਦੀ ਇੱਕ ਤਾਜ਼ਾ ਲਹਿਰ ਜ਼ੋਰ ਫੜ ਰਹੀ ਹੈ। ਅੰਕੜਿਆਂ ਅਨੁਸਾਰ ਕੋਵਿਡ ਇਸ ਸਮੇਂ ਸਟੇਟ ’ਚ ਦਰਮਿਆਨੇ ਪੱਧਰਾਂ ’ਤੇ ਫੈਲ ਰਿਹਾ ਹੈ, ਪਰ ਗੰਦੇ ਪਾਣੀ ਦੀ ਨਿਗਰਾਨੀ, ਐਮਰਜੈਂਸੀ ਵਿਭਾਗ ਦੀਆਂ ਪੇਸ਼ਕਾਰੀਆਂ, ਅਤੇ ਬਜ਼ੁਰਗ ਦੇਖਭਾਲ ਸਹੂਲਤਾਂ ਵਿੱਚ ਵਾਇਰਸ ਫੈਲਣ ਤੋਂ ਸੰਕੇਤ ਮਿਲਦਾ ਹੈ ਕਿ ਵਾਇਰਸ ਮੁੜ ਸਿਰ ਚੁੱਕ ਰਿਹਾ ਹੈ।

ਐਨ.ਐਸ.ਡਬਲਯੂ. ਹੈਲਥ ਦੇ ਸੰਚਾਰੀ ਰੋਗਾਂ ਦੀ ਡਾਇਰੈਕਟਰ ਕ੍ਰਿਸਟੀਨ ਸੇਲਵੀ ਨੇ ਮੀਡੀਆ ਨੂੰ ਦੱਸਿਆ, ‘‘ਇਹ ਯਕੀਨੀ ਤੌਰ ’ਤੇ ਕੁਝ ਮਹੀਨੇ ਪਹਿਲਾਂ ਨਾਲੋਂ ਵੱਧ ਹੈ ਅਤੇ ਪਿਛਲੇ ਕੁਝ ਹਫ਼ਤਿਆਂ ਤੋਂ ਹੌਲੀ ਹੌਲੀ ਵਧ ਰਿਹਾ ਹੈ। ਕਿਸੇ ਕੋਲ ਵੀ ਸਪਸ਼ਟ ਤਸਵੀਰ ਨਹੀਂ ਹੈ ਪਰ ਸਾਡੇ ਕੋਲ ਜੋ ਮਾਡਲਿੰਗ ਹੈ, ਉਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਵਾਧਾ ਦਸੰਬਰ ਤੱਕ ਜਾਰੀ ਰਹੇਗਾ।’’

COVID ਬਾਰੇ ਟੈਸਟਿੰਗ ਅੰਕੜਿਆਂ ਤੋਂ ਘੱਟ ਜਾਣਕਾਰੀ

ਜੀਨੋਮ ਟੈਸਟਿੰਗ ਦਸਦੀ ਹੈ ਕਿ ਇਹ E.5 ਵੇਰੀਐਂਟ ਹੈ, ਜਿਸ ਨੂੰ ‘ਏਰਿਸ’ ਵਜੋਂ ਵੀ ਜਾਣਿਆ ਜਾਂਦਾ ਹੈ। ਵਰਤਮਾਨ ਵਿੱਚ NSW ਵਿੱਚ ਲਗਭਗ 50 ਪ੍ਰਤੀਸ਼ਤ ਕੇਸਾਂ ਲਈ ਇਹੀ ਜ਼ਿੰਮੇਵਾਰ ਹੈ। ਡਾ. ਸੇਲਵੀ ਨੇ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਹ ਪਿਛਲੇ ਰੂਪਾਂ ਨਾਲੋਂ ਜ਼ਿਆਦਾ ਗੰਭੀਰ ਹੈ। ਉਨ੍ਹਾਂ ਨੇ ਕਿਹਾ ਕਿ ਕੋਵਿਡ ਲਿਹਰਾਂ ਦੇ ਵਿਵਹਾਰ ਦਾ ਮੁਲਾਂਕਣ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ ਕਿਉਂਕਿ ਬਹੁਤ ਸਾਰੇ ਲੋਕ ਕੋਵਿਡ ਲਈ ਟੈਸਟ ਨਹੀਂ ਕਰਵਾ ਰਹੇ ਹਨ।

ਇਸ ਹਫਤੇ ਦੇ ਸ਼ੁਰੂ ’ਚ ਵਿਕਟੋਰੀਆ ਦੇ ਮੁੱਖ ਸਿਹਤ ਅਧਿਕਾਰੀ ਨੇ ਸੁਝਾਅ ਦਿੱਤਾ ਸੀ ਕਿ ਸਾਰੇ ਮੈਲਬਰਨ ਵਾਸੀਆਂ ਨੂੰ ਜਨਤਕ ਤੌਰ ’ਤੇ ਮਾਸਕ ਪਹਿਨਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ ਕਿਉਂਕਿ ਵਿਕਟੋਰੀਆ ਦੇ ਮਾਮਲਿਆਂ ’ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ, ਪਰ ਡਾ. ਸੇਲਵੀ ਨੇ ਕਿਹਾ ਕਿ ਨਿਊ ਸਾਊਥ ਵੇਲਜ਼ ਵਿੱਚ ਇਹ ਸਲਾਹ ਨਹੀਂ ਸੀ। ਉਨ੍ਹਾਂ ਕਿਹਾ, ‘‘ਅਸੀਂ ਇਸ ਵੇਲੇ ਮਾਸਕ ਪਹਿਨਣ ਦੀ ਸਿਫਾਰਸ਼ ਨਹੀਂ ਕਰ ਰਹੇ ਹਾਂ। ਅਸੀਂ ਲੋਕਾਂ ਨੂੰ ਸਲਾਹ ਦੇ ਰਹੇ ਹਾਂ ਕਿ ਜੇਕਰ ਉਨ੍ਹਾਂ ਨੂੰ ਕੋਈ ਕੋਵਿਡ ਦੇ ਲੱਛਣ ਹਨ ਤਾਂ ਉਹ ਘਰ ਹੀ ਰਹਿਣ ਤਾਂ ਕਿ ਹੋਰ ਲੋਕਾਂ ਦਾ ਇਸ ਤੋਂ ਬਚਾਅ ਹੋ ਸਕੇ। ਜੇਕਰ ਉਨ੍ਹਾਂ ਨੂੰ ਬਾਹਰ ਜਾਣਾ ਹੀ ਪਵੇ ਤਾਂ ਉਹ ਮਾਸਕ ਪਹਿਨ ਕੇ ਜਾਣ।’’

Leave a Comment