ਮੈਲਬਰਨ: ਵਿੱਤੀ ਸਲਾਹਕਾਰ ਫਰਮ ਇਨੋਵੇਟਿਵ ਕੰਸਲਟੈਂਟਸ ਦੇ ਸੰਸਥਾਪਕ ਇਕਬਾਲ ਸਿੰਘ ਨੇ Australian workers ਨੂੰ ਚੇਤਾਵਨੀ ਦਿੱਤੀ ਹੈ ਕਿ ਉਨ੍ਹਾਂ ਵੱਲੋਂ ਘਰ ਬੈਠ ਕੇ ਕੰਮ (Work from home) ਕਰਨ ਵਾਲੀਆਂ remote ਭੂਮਿਕਾਵਾਂ ਭਾਰਤ ਨੂੰ 10% ਤੋਂ ਵੀ ਘੱਟ ਲਾਗਤ ਵਿੱਚ ਆਊਟਸੋਰਸ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਹੈ ਕਿ ਭਾਰਤੀ ਨਿਵੇਸ਼ਕ ਆਸਟ੍ਰੇਲੀਆ ਵਿੱਚ ਵਿੱਤ, ਸਿੱਖਿਆ, ਸਿਹਤ ਸੰਭਾਲ ਅਤੇ ਖਣਿਜਾਂ ਦੇ ਖੇਤਰ ’ਚ ਮੌਕਿਆਂ ਦੀ ਪ੍ਰਾਪਤੀ ਲਈ ਕੋਸ਼ਿਸ਼ਾਂ ਕਰ ਰਹੇ ਹਨ।
ਇਕਬਾਲ ਸਿੰਘ ਦਾ ਮੰਨਣਾ ਹੈ ਕਿ ਭਾਰਤ ਵਿੱਚ ਘੱਟ ਤਨਖਾਹ ਲੈਣ ਵਾਲੇ ਅਤੇ ਅੰਗਰੇਜ਼ੀ ਬੋਲਣ ਵਾਲੇ ਕਾਮੇ IT, ਵਿੱਤ, ਮੌਰਗੇਜ ਆਦਿ ਵਿੱਚ ਸਹਾਇਕ ਸਟਾਫ ਦੀਆਂ ਭੂਮਿਕਾਵਾਂ ਨੂੰ ਨਿਭਾ ਸਕਦੇ ਹਨ। ਇਹ ਵਧਦੀ ਮਹਿੰਗਾਈ, ਵਿਆਜ ਦਰਾਂ ਅਤੇ ਸੁਸਤ ਆਰਥਿਕਤਾ ਨਾਲ ਜੂਝ ਰਹੀਆਂ ਆਸਟ੍ਰੇਲੀਆਈ ਫਰਮਾਂ ਲਈ ਇੱਕ ਹੱਲ ਹੋ ਸਕਦਾ ਹੈ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇੱਕ ਤਿਹਾਈ ਤੋਂ ਵੱਧ ਵੱਡੇ ਆਸਟ੍ਰੇਲੀਆਈ ਰੁਜ਼ਗਾਰਦਾਤਾ ਅਗਲੇ ਤਿੰਨ ਤੋਂ ਪੰਜ ਸਾਲਾਂ ਵਿੱਚ ਘਰ ਤੋਂ ਕੰਮ ਕਰਨ ਵਾਲੇ ਸਟਾਫ ਦੀ ਤਨਖਾਹ ਘਟਾਉਣ ਦੀ ਯੋਜਨਾ ਬਣਾ ਰਹੇ ਹਨ।
ਆਸਟ੍ਰੇਲੀਆ ਵਿੱਚ ਉੱਚ ਮਹਿੰਗਾਈ ਦਰਾਂ ਦੇ ਮੱਦੇਨਜ਼ਰ, ਇਕਬਾਲ ਸਿੰਘ ਸੁਝਾਅ ਦਿੰਦੇ ਹਨ ਕਿ ਆਸਟ੍ਰੇਲੀਆ ਦੀਆਂ ਨੌਕਰੀਆਂ ਨੂੰ ਭਾਰਤ ਵਿੱਚ ਆਊਟਸੋਰਸ ਕਰਨਾ ਇੱਕ ਖ਼ਰਚ ਘਟਾਉਣ ਵਾਲਾ ਹੱਲ ਹੋ ਸਕਦਾ ਹੈ। ਉਹ ਇਸ ਨੂੰ ਸੰਸਥਾਵਾਂ ਲਈ ਸਭ ਤੋਂ ਵੱਡੇ ਮੌਕਿਆਂ ਵਿੱਚੋਂ ਇੱਕ ਵਜੋਂ ਵੇਖਦੇ ਹਨ।
2019 ਤੋਂ ਬਾਅਦ ਆਸਟ੍ਰੇਲੀਆ ਵਿਚ ਭਾਰਤੀ ਨਿਵੇਸ਼ 210% ਵਧ ਕੇ 35 ਬਿਲੀਅਨ ਡਾਲਰ ਹੋ ਗਿਆ ਹੈ। ਇਹ ਭਾਰਤੀ ਵਿਦਿਆਰਥੀਆਂ ਦੀ ਗਿਣਤੀ ’ਚ ਵਾਧੇ ਅਤੇ ਆਸਟ੍ਰੇਲੀਅਨ ਕਾਰੋਬਾਰਾਂ ਵਿੱਚ ਨਿਵੇਸ਼ ਕਰਨ ਦੀ ਮਜ਼ਬੂਤ ਇੱਛਾ ਕਾਰਨ ਹੋਇਆ ਹੈ। ਇਕਬਾਲ ਸਿੰਘ ਨੇ ਹਾਲ ਹੀ ਵਿੱਚ ਚੋਟੀ ਦੇ ਭਾਰਤੀ ਨਿਵੇਸ਼ਕਾਂ ਦੇ ਇੱਕ ਵੱਡੇ ਵਫ਼ਦ ਨਾਲ ਸਿਡਨੀ ਵਿੱਚ CapTech2023 ਕਾਨਫਰੰਸ ਵਿੱਚ ਸ਼ਿਰਕਤ ਕੀਤੀ ਸੀ।
ਸਿਡਨੀ ਇਨਵੈਸਟਰਸ ਐਂਡ ਪ੍ਰੋਫੈਸ਼ਨਲਜ਼ ਬਿਜ਼ਨਸ ਨੈੱਟਵਰਕ ਦੇ ਪ੍ਰਧਾਨ ਰਮਾ ਭੱਲਾ ਨੇ ਕਿਹਾ ਕਿ ਇਸ ਸਮੇਂ ਭਾਰਤੀ ਕਾਰੋਬਾਰਾਂ ਵੱਲੋਂ ਆਸਟ੍ਰੇਲੀਆ ਵਿੱਚ ਨਿਵੇਸ਼ ਦੀ ਵੱਡੀ ਭੁੱਖ ਹੈ। ਉਨ੍ਹਾਂ ਦੀ ਦਿਲਚਸਪੀ ਦੇ ਮੁੱਖ ਖੇਤਰ ਸਿੱਖਿਆ, ਸਿਹਤ ਸੰਭਾਲ, ਸਾਫ਼ ਊਰਜਾ ਅਤੇ ਵਿੱਤ ਹਨ।