ਮੈਲਬਰਨ: ਹੋਮ ਅਫੇਅਰਜ਼ ਦੀ ਵੈੱਬਸਾਈਟ ’ਤੇ ਇੱਕ ਸਾਇਬਰ ਹਮਲੇ (Cyber Attack on Home Affairs and Immigration Websites) ਤੋਂ ਬਾਅਦ ਲੋਕ ਵੀਜ਼ਾ ਅਤੇ ਨਾਗਰਿਕਤਾ ਦੀਆਂ ਅਰਜ਼ੀਆਂ ਤਕ ਆਨਲਾਈਨ ਨਹੀਂ ਪਹੁੰਚ ਪਾ ਰਹੇ ਹਨ। ਗ੍ਰਹਿ ਮਾਮਲਿਆਂ ਦੇ ਵਿਭਾਗ ਨੇ ਕਿਹਾ ਕਿ ਸਭ ਤੋਂ ਪਹਿਲਾਂ ਉਸ ਨੂੰ ਰਾਤ ਸਮੇਂ ‘ਡਿਸਟ੍ਰੀਬਿਊਟਿਡ ਡਿਨਾਇਲ-ਆਫ-ਸਰਵਿਸ’ (DDoS ) ਹਮਲੇ ਬਾਰੇ ਪਤਾ ਲੱਗਾ ਸੀ ਅਤੇ ਜਾਂਚ ਸ਼ੁਰੂ ਕਰ ਦਿਤੀ ਗਈ ਹੈ।
ਇੱਕ DDoS ਹਮਲਾ ਉਦੋਂ ਹੁੰਦਾ ਹੈ ਜਦੋਂ ਕੋਈ ਵਿਅਕਤੀ ਸਰਵਰ, ਸੇਵਾ ਜਾਂ ਨੈੱਟਵਰਕ ਤੱਕ ਪਹੁੰਚ ਕਰਨ ਦੀ ਦੂਜੇ ਲੋਕਾਂ ਦੀ ਯੋਗਤਾ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰਦਾ ਹੈ — ਖਾਸ ਤੌਰ ’ਤੇ ਵੈੱਬਸਾਈਟ ’ਤੇ ਬਹੁਤ ਜ਼ਿਆਦਾ ਵਾਰੀ ਸੰਪਰਕ ਕਰਨ ਦਾ ਬੋਝ ਪਾ ਕਰ ਕੇ। ਅਜਿਹੇ ਹਮਲੇ ਆਮ ਹੁੰਦੇ ਜਾ ਰਹੇ ਹਨ।
ਇੱਕ ਬਿਆਨ ਵਿੱਚ, ਵਿਭਾਗ ਨੇ ਕਿਹਾ ਕਿ ਹਮਲੇ ਦਾ ਮਤਲਬ ਹੈ ਕਿ ਲੋਕਾਂ ਨੂੰ ਰਾਤੋ ਰਾਤ ਵੈਬਸਾਈਟ ਅਤੇ ਔਨਲਾਈਨ ਪੋਰਟਲ ਤੱਕ ਪਹੁੰਚ ਕਰਨ ਤੋਂ ‘ਥੋੜ੍ਹੇ ਸਮੇਂ ਲਈ ਰੋਕਿਆ’ ਗਿਆ ਸੀ। ਵਿਭਾਗ ਨੇ ਪੁਸ਼ਟੀ ਕੀਤੀ ਕਿ ਕੋਈ ਵੀ ਨਿੱਜੀ ਜਾਣਕਾਰੀ ਚੋਰੀ ਨਹੀਂ ਹੋਈ ਹੈ।ਜਦਕਿ ਗ੍ਰੀਨਜ਼ ਸੈਨੇਟਰ ਡੇਵਿਡ ਸ਼ੋਬ੍ਰਿਜ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ‘‘ਏਨੇ ਅਹਿਮ ਮੰਤਰਾਲਾ ਦੀ ਵੈਬਸਾਈਟ ਨੂੰ ਇੰਨੀ ਆਸਾਨੀ ਨਾਲ ਬੰਦ ਕੀਤਾ ਜਾ ਸਕਦਾ ਹੈ, ਇਹ ਬਹੁਤ ਪਰੇਸ਼ਾਨ ਕਰਨ ਵਾਲਾ ਹੈ। ਫ਼ੈਡਰਲ ਸਰਕਾਰ ਨੇ ਅਰਬਾਂ ਡਾਲਰ ਖ਼ਰਚ ਕੀਤੇ ਹਨ ਪਰ ਹੁਣ ਤੱਕ ਬਹੁਤ ਘੱਟ ਸਾਈਬਰ ਸੁਰੱਖਿਆ ਲਾਭ ਹਾਸਲ ਕੀਤੇ ਗਏ ਹਨ। ਅੱਜ ਦੀ ਵੈਬਸਾਈਟ ਬੰਦ ਹੋਣਾ ਇਸ ਦਾ ਇਕ ਹੋਰ ਸਬੂਤ ਹੈ।’’