ਅਹਿਮਦਾਬਾਦ: ਆਈ.ਸੀ.ਸੀ. ਕ੍ਰਿਕੇਟ ਵਿਸ਼ਵ ਕੱਪ 2023 ਦਾ ਆਗਾਜ਼ ਹੋ ਚੁੱਕਾ ਹੈ। ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਅਤੇ ਪਿਛਲੇ ਚੈਂਪੀਅਨ ਇੰਗਲੈਂਡ ਆਹਮੋ-ਸਾਹਮਣੇ ਸਨ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਭਾਰਤੀ ਸਮੇਂ ਅਨੁਸਾਰ ਦੁਪਹਿਰ 2 ਵਜੇ ਸ਼ੁਰੂ ਹੋਇਆ। ਕੇਨ ਵਿਲੀਅਮਸਨ ਦੀ ਗੈਰ-ਮੌਜੂਦਗੀ ‘ਚ ਨਿਊਜ਼ੀਲੈਂਡ ਦੀ ਟੀਮ ਦੀ ਜ਼ਿੰਮੇਵਾਰੀ ਟਾਮ ਲੈਥਮ ਦੇ ਮੋਢਿਆਂ ‘ਤੇ ਸੀ ਅਤੇ ਦੂਜੇ ਪਾਸੇ ਇੰਗਲੈਂਡ ਦੀ ਕਪਤਾਨੀ ਜੋਸ ਬਟਲਰ ਨੇ ਕੀਤੀ।
ਟਾਮ ਲੈਥਮ ਨੇ ਟਾਸ ਜਿੱਤ ਕੇ ਇੰਗਲੈਂਡ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ; ਜਵਾਬ ‘ਚ ਜੋਸ ਬਟਲਰ ਦੀ ਟੀਮ ਨੇ 50 ਓਵਰਾਂ ‘ਚ 282 ਦੌੜਾਂ ਬਣਾਈਆਂ। ਇੰਗਲੈਂਡ ਲਈ ਜੋ ਰੂਟ ਨੇ ਸਭ ਤੋਂ ਵੱਧ 77 ਦੌੜਾਂ ਬਣਾਈਆਂ ਜਦਕਿ ਕਪਤਾਨ ਜੋਸ ਬਟਲਰ ਨੇ 42 ਗੇਂਦਾਂ ਵਿੱਚ ਦੋ ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਨਾਲ 44 ਦੌੜਾਂ ਬਣਾਈਆਂ।
283 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਨੂੰ ਪਹਿਲਾ ਝਟਕਾ ਦੂਜੇ ਹੀ ਓਵਰ ‘ਚ ਵਿਲ ਯੰਗ ਦੇ ਰੂਪ ‘ਚ ਲੱਗਾ। ਉਹ ਪਹਿਲੀ ਪਾਰੀ ‘ਚ ਸੈਮ ਕੁਰਾਨ ਦੀ ਗੇਂਦ ‘ਤੇ ਵਿਕਟਕੀਪਰ ਜੋਸ ਬਟਲਰ ਹੱਥੋਂ ਕੈਚ ਹੋ ਗਿਆ। ਉਸ ਦੇ ਆਊਟ ਹੋਣ ਤੋਂ ਬਾਅਦ ਡੇਵੋਨ ਕੋਨਵੇ ਅਤੇ ਰਚਿਨ ਰਵਿੰਦਰਾ ਵਿਚਾਲੇ 283 ਦੌੜਾਂ ਦੀ ਸਾਂਝੇਦਾਰੀ ਹੋਈ। ਕੋਨਵੇ ਨੇ 121 ਗੇਂਦਾਂ ‘ਤੇ 19 ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 152 ਦੌੜਾਂ ਬਣਾਈਆਂ। ਰਚਿਨ ਰਵਿੰਦਰਾ ਨੇ 96 ਗੇਂਦਾਂ ‘ਤੇ 11 ਚੌਕਿਆਂ ਅਤੇ ਪੰਜ ਛੱਕਿਆਂ ਦੀ ਮਦਦ ਨਾਲ 123 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਦੋਵਾਂ ਦੀ ਧਮਾਕੇਦਾਰ ਪਾਰੀ ਦੀ ਬਦੌਲਤ ਨਿਊਜ਼ੀਲੈਂਡ ਨੇ ਸਿਰਫ 36.2 ਓਵਰਾਂ ‘ਚ 9 ਵਿਕਟਾਂ ਨਾਲ ਜਿੱਤ ਦਰਜ ਕਰਕੇ ਅੰਕ ਸੂਚੀ ‘ਚ ਦੋ ਅੰਕ ਹਾਸਲ ਕਰ ਲਏ।