ਆਸਟ੍ਰੇਲੀਆ ’ਚ ਇੱਕ ਤਿਹਾਈ ਵਰਕਰ ਸੋਸ਼ਣ ਦਾ ਸ਼ਿਕਾਰ, ਕਈਆਂ ਨੂੰ ਨਹੀਂ ਮਿਲਦੇ ਬਣਦੇ ਲਾਭ

ਮੈਲਬਰਨ : ਮੈਲਬਰਨ ਲਾਅ ਸਕੂਲ ਦੇ ਇੱਕ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਇੱਕ ਤਿਹਾਈ ਨੌਜਵਾਨ ਆਸਟ੍ਰੇਲੀਅਨ ਵਰਕਰਜ਼ ਨੂੰ ਸ਼ੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ, ਕਈਆਂ ਨੂੰ ਕਦੇ ਵੀ ਸੇਵਾਮੁਕਤੀ ਜਾਂ ਤਨਖਾਹ ਵਾਲੀਆਂ ਛੁੱਟੀਆਂ ਵਰਗੇ ਹੱਕ ਨਹੀਂ ਮਿਲਦੇ। ਹੁਣ ਬੰਦ ਹੋ ਚੁੱਕੀ ਇਕ NDIS ਪ੍ਰੋਵਾਈਡਰ ਦੇ ਸਾਬਕਾ ਕਰਮਚਾਰੀ Jarod Graham ਦਾ ਦਾਅਵਾ ਹੈ ਕਿ ਉਸ ਦਾ ਲਗਭਗ 10,000 ਡਾਲਰ ਦਾ ਸੂਪਰ ਬਕਾਇਆ ਹੈ ਪਰ ਨੌਕਰਸ਼ਾਹੀ ਦੀਆਂ ਰੁਕਾਵਟਾਂ ਅਤੇ ਇੰਪਲਾਇਅਰ ਦੇ ਬੰਦ ਹੋਣ ਕਾਰਨ ਉਹ ਇਸ ਰਕਮ ਨੂੰ ਪ੍ਰਾਪਤ ਕਰਨ ਲਈ ਸੰਘਰਸ਼ ਕਰ ਰਿਹਾ ਹੈ।

ਅੰਕੜੇ ਦਰਸਾਉਂਦੇ ਹਨ ਕਿ 2022-23 ਵਿੱਚ 3 ਮਿਲੀਅਨ ਤੋਂ ਵੱਧ ਆਸਟ੍ਰੇਲੀਅਨ ਲੋਕਾਂ ਨੂੰ 5.7 ਬਿਲੀਅਨ ਡਾਲਰ ਦਾ ਸੂਪਰ ਨਹੀਂ ਮਿਲਿਆ। ਨੌਕਰੀ ਬਚਾਉਣ, ਜਾਗਰੂਕਤਾ ਦੀ ਘਾਟ, ਜਾਂ ਸੀਮਤ ਸਹਾਇਤਾ ਦੇ ਡਰ ਕਾਰਨ ਬਹੁਤ ਘੱਟ ਨੌਜਵਾਨ ਵਰਕਰ ਸ਼ੋਸ਼ਣ ਦੀ ਰਿਪੋਰਟ ਕਰਦੇ ਹਨ। ਸਿਰਫ ਇੱਕ ਤਿਹਾਈ ਮਦਦ ਮੰਗਦੇ ਹਨ। ਪ੍ਰਵਾਸੀ ਵਰਕਰਾਂ ਸਮੇਤ ਕਮਜ਼ੋਰ ਸਮੂਹਾਂ ਨੂੰ ਸਭ ਤੋਂ ਵੱਧ ਖਤਰਾ ਹੈ।

ਯੰਗ ਵਰਕਰਜ਼ ਸੈਂਟਰ ਵਰਗੇ ਸੰਗਠਨ ਵਧੇਰੇ ਸੁਰੱਖਿਆ ਉਪਾਵਾਂ ਅਤੇ ਕਾਨੂੰਨੀ ਸਹਾਇਤਾ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹਨ। ਨਿਰਦੇਸ਼ਕ Yolanda Robson ਨੇ ਸ਼ੋਸ਼ਣਕਾਰੀ ਇੰਪਲਾਇਅਰ ਨੂੰ ਜਵਾਬਦੇਹ ਠਹਿਰਾਉਣ ਵਿੱਚ ਸਿਸਟਮ ਦੀ ਅਸਫਲਤਾ ਦੀ ਸਖ਼ਤ ਆਲੋਚਨਾ ਕੀਤੀ ਹੈ ਅਤੇ ਕਿਹਾ ਕਿ ਬਹੁਤ ਸਾਰੇ ਇੰਪਲਾਇਅਰ ਖ਼ੁਦ ਨੂੰ ਦੀਵਾਲੀਆ ਐਲਾਨ ਕੇ ਅਤੇ ਰੀਬ੍ਰਾਂਡਿੰਗ ਕਰ ਕੇ ਸਜ਼ਾ ਤੋਂ ਬਚ ਜਾਂਦੇ ਹਨ।