ਵੈਸਟਰਨ ਆਸਟ੍ਰੇਲੀਆ ਸਰਕਾਰ ਨੇ ਪੇਸ਼ ਕੀਤਾ 2.4 ਬਿਲੀਅਨ ਡਾਲਰ ਦੇ ਸਰਪਲੱਸ ਵਾਲਾ ਬਜਟ, ਜਾਣੋ ਮੁੱਖ ਐਲਾਨ

ਮੈਲਬਰਨ : ਵੈਸਟਰਨ ਆਸਟ੍ਰੇਲੀਆ ਸਰਕਾਰ ਨੇ ਅੱਜ ਆਪਣਾ 2.4 ਬਿਲੀਅਨ ਡਾਲਰ ਦੇ ਸਰਪਲੱਸ ਵਾਲਾ ਬਜਟ ਪੇਸ਼ ਕੀਤਾ ਹੈ। ਸਰੋਤਾਂ ਨਾਲ ਭਰਪੂਰ ਆਰਥਿਕਤਾ ਵਾਲੀ ਇਸ ਸਟੇਟ ਦਾ ਇਹ ਲਗਾਤਾਰ ਸੱਤਵਾਂ ਸਰਪਲੱਸ ਹੈ, ਜੋ ਲੋਹੇ ਦੀ ਕੱਚੀ ਧਾਤ ਦੀਆਂ ਮਜ਼ਬੂਤ ਕੀਮਤਾਂ ਅਤੇ GST ਗੱਫ਼ੇ ਨਾਲ ਵਧਿਆ ਹੈ, ਅਤੇ ਦੇਸ਼ ’ਚ ਚੋਟੀ ਦੀ ਆਰਥਿਕ ਕਾਰਗੁਜ਼ਾਰੀ ਵਾਲੇ ਸਟੇਟ ਵਜੋਂ WA ਦੀ ਸਥਿਤੀ ਨੂੰ ਮਜ਼ਬੂਤ ਕਰਦਾ ਹੈ। ਹਾਲਾਂਕਿ ਪ੍ਰੀਮੀਅਰ Roger Cook ਨੇ ਚੇਤਾਵਨੀ ਦਿੱਤੀ ਹੈ ਕਿ ਗਲੋਬਲ ਅਸਥਿਰਤਾ ਦੇ ਵਿਚਕਾਰ ਹੇਠਲੇ ਪੱਧਰ ‘ਤੇ ਦਬਾਅ ਵਧ ਸਕਦਾ ਹੈ, ਕਿਉਂਕਿ ਹਾਊਸਿੰਗ ਸੰਕਟ ਦੇ ਬਾਵਜੂਦ ਸਰਕਾਰ ਨੇ ਘਰਾਂ ਲਈ 400 ਡਾਲਰ ਦੇ ਬਿਜਲੀ ਬਿੱਲ ‘ਚ ਛੋਟ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ। ਸਰਕਾਰ ਸਥਾਨਕ ਨਿਰਮਾਣ ਨੂੰ ਹੁਲਾਰਾ ਦੇ ਕੇ ਵਧੇਰੇ ਨੌਕਰੀਆਂ ਪ੍ਰਦਾਨ ਕਰਨ ‘ਤੇ ਆਪਣਾ ਧਿਆਨ ਕੇਂਦਰਿਤ ਕਰ ਰਹੀ ਹੈ।
ਦੁਬਾਰਾ ਚੁਣੀ ਗਈ ਕੁੱਕ ਸਰਕਾਰ ਦਾ ਪਹਿਲਾ ਬਜਟ ਅਤੇ ਟਰੈਜ਼ਰਰ ਵਜੋਂ ਆਪਣਾ ਦੂਜਾ ਬਜਟ ਪੇਸ਼ ਕਰਦੇ ਹੋਏ, Rita Saffioti ਉਤਸ਼ਾਹਿਤ ਦਿਸ ਰਹੇ ਸਨ, ਜਿਨ੍ਹਾਂ ਨੇ ਦੂਜੇ ਸਟੇਟਾਂ ਦੇ ਮੁਕਾਬਲੇ ਅਰਥਵਿਵਸਥਾ ਦੀ ਤੁਲਨਾਤਮਕ ਤਾਕਤ ‘ਤੇ ਧਿਆਨ ਕੇਂਦਰਤ ਕੀਤਾ, ਜਦੋਂ ਕਿ ਅਨਿਸ਼ਚਿਤ ਗਲੋਬਲ ਦ੍ਰਿਸ਼ਟੀਕੋਣ ਦੀ ਚੇਤਾਵਨੀ ਦਿੱਤੀ। ਇਸ ਬਜਟ ’ਚ ਸਟੇਟ ਸਰਕਾਰ ਦਾ ਜ਼ੋਰ ਚੋਣ ਵਾਅਦੇ ਪੂਰੇ ਕਰਨ ’ਤੇ ਰਿਹਾ, ਜਿਨ੍ਹਾਂ ’ਚ ਸ਼ਾਮਲ ਹਨ :

  • ਹਾਊਸਿੰਗ ਸਪਲਾਈ ਨੂੰ ਵਧਾਉਣ ਲਈ 1.4 ਬਿਲੀਅਨ ਡਾਲਰ, ਜਿਸ ਵਿੱਚ ਇੱਕ ਸਾਂਝੀ ਇਕੁਇਟੀ ਸਕੀਮ ਅਤੇ ਮਾਡਿਊਲਰ ਘਰਾਂ ਲਈ ਕੀਸਟਾਰਟ ਲੋਨ ਸ਼ਾਮਲ ਹਨ।
  • ਪਬਲਿਕ ਟਰਾਂਸਪੋਰਟ ਲਈ ਇਕ ਕਿਰਾਇਆ
  • ਪਰਥ ਦੇ ਸਾਊਥ ਵਿੱਚ ਕਵਿਨਾਨਾ ਫ੍ਰੀਵੇਅ ਨੂੰ ਚੌੜਾ ਕਰਨ ਅਤੇ ਸੜਕਾਂ ਨੂੰ ਅਪਗ੍ਰੇਡ ਕਰਨ ਲਈ 485 ਮਿਲੀਅਨ ਡਾਲਰ
  • ਪਰਥ ਦੇ ਨੌਰਥ ਵਿੱਚ ਸੜਕਾਂ ਲਈ 113 ਮਿਲੀਅਨ ਡਾਲਰ, ਜਿਸ ਵਿੱਚ ਏਰਿੰਡੇਲ ਰੋਡ ਅਤੇ ਰੀਡ ਹਾਈਵੇ ਇੰਟਰਚੇਂਜ ਨੂੰ ਅਪਗ੍ਰੇਡ ਕਰਨਾ ਸ਼ਾਮਲ ਹੈ
  • CY O’Connor ਦੀ 122 ਦੀ 122 ਸਾਲ ਪੁਰਾਣੀ ਪਾਣੀ ਦੀ ਪਾਈਪਲਾਈਨ ਨੂੰ ਕਲਗੂਰਲੀ ਤੱਕ 543 ਮਿਲੀਅਨ ਡਾਲਰ ਦੀ ਲਾਗਤ ਨਾਲ ਅਪਗ੍ਰੇਡ ਕਰਨਾ