ਭੋਜਨ ਸੁਰੱਖਿਆ ਕੌਂਸਲ ਨੇ ਘਾਤਕ ਮਸ਼ਰੂਮ ਬਾਰੇ ਆਸਟ੍ਰੇਲੀਆ ਵਾਸੀਆਂ ਨੂੰ ਦਿੱਤੀ ਚੇਤਾਵਨੀ

ਮੈਲਬਰਨ : ਆਸਟ੍ਰੇਲੀਆ ਦੇ ਲੋਕਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਉਹ ਜੰਗਲੀ ਮਸ਼ਰੂਮ ਜਾਂ ਖੁੰਭਾਂ ਨੂੰ ਚੁੱਕਣ ਜਾਂ ਖਾਣ ਤੋਂ ਪਰਹੇਜ਼ ਕਰਨ ਕਿਉਂਕਿ ਇਨ੍ਹਾਂ ਮਸ਼ਰੂਮ ’ਚ ਘਾਤਕ ਜ਼ਹਿਰ ਹੋਣ ਦਾ ਖਤਰਾ ਹੈ। ਆਸਟ੍ਰੇਲੀਆਈ ਫੂਡ ਸੇਫਟੀ ਇਨਫਰਮੇਸ਼ਨ ਕੌਂਸਲ ਦੀ ਇਹ ਚੇਤਾਵਨੀ ਉਸ ਸਮੇਂ ਆਈ ਹੈ ਜਦੋਂ 2022 ਵਿਚ ਇਕ 98 ਸਾਲ ਦੀ ਔਰਤ ਦੀ ਆਪਣੇ ਬਾਗ ਵਿਚੋਂ ਚੁੱਕੀਆਂ ਮਸ਼ਰੂਮ ਖਾਣ ਨਾਲ ਮੌਤ ਹੋ ਗਈ ਸੀ ਅਤੇ ਇਕ ਬੱਚੇ ਨੂੰ ਹਸਪਤਾਲ ਵਿਚ ਦਾਖਲ ਕਰਵਾਉਣਾ ਪਿਆ ਸੀ। ‘ਡੈੱਥਕੈਪ’ ਵੱਜੋਂ ਜਾਣੀਆਂ ਜਾਂਦੀਆਂ ਇਹ ਮਸ਼ਰੂਮ ਆਮ ਤੌਰ ’ਤੇ ਖਾਧੀਆਂ ਜਾਣ ਵਾਲੀਆਂ ਮਸ਼ਰੂਮ ਵਰਗੀਆਂ ਹੀ ਦਿਸਦੀਆਂ ਹਨ, ਪਰ ਇਨ੍ਹਾਂ ਨੂੰ ਖਾਣਾ ਘਾਤਕ ਹੋ ਸਕਦਾ ਹੈ। ਸਿਰਫ਼ ਇਕ ਮਸ਼ਰੂਮ ਹੀ ਬੰਦੇ ਨੂੰ ਮਾਰ ਸਕਦੀ ਹੈ। ਜ਼ਹਿਰ ਚੜ੍ਹਨ ਦੇ ਲੱਛਣਾਂ ’ਚ ਉਲਟੀਆਂ, ਦਸਤ ਅਤੇ ਪੇਟ ਵਿੱਚ ਕੜਵੱਲ ਸ਼ਾਮਲ ਹਨ। ਇਹ ਜ਼ਿਆਦਾਤਰ ਕੈਨਬਰਾ, ਮੈਲਬਰਨ, ਐਡੀਲੇਡ ਅਤੇ ਤਸਮਾਨੀਆ ਦੇ ਇਲਾਕਿਆਂ ’ਚ ਮੀਂਹ ਤੋਂ ਬਾਅਦ ਉੱਗ ਪੈਂਦੀ ਹੈ। ਕੌਂਸਲ ਨੇ ਸਿਰਫ ਨਾਮਵਰ ਸਰੋਤਾਂ ਤੋਂ ਖਰੀਦੀਆਂ ਮਸ਼ਰੂਮ ਦਾ ਸੇਵਨ ਕਰਨ ਅਤੇ ਬੱਚਿਆਂ ਤੇ ਪਾਲਤੂ ਜਾਨਵਰਾਂ ਦੀ ਰੱਖਿਆ ਲਈ ਬਾਗ ਦੇ ਖੇਤਰਾਂ ਤੋਂ ਜੰਗਲੀ ਮਸ਼ਰੂਮ ਨੂੰ ਹਟਾਉਣ ਦੀ ਸਲਾਹ ਦਿੱਤੀ ਹੈ।