Toyah Cordingley ਦੇ ਕਤਲ ਕੇਸ ’ਚ ਰਾਜਵਿੰਦਰ ਸਿੰਘ ਦੇ ਪਰਿਵਾਰ ਨੇ ਦਿੱਤੀ ਗਵਾਹੀ, ਪਤਨੀ ਨੇ ਛੇ ਸਾਲ ਬਾਅਦ ਵੇਖਿਆ ਚਿਹਰਾ

ਮੈਲਬਰਨ : Toyah Cordingley ਦੇ ਕਤਲ ਕੇਸ ’ਚ ਕਲ ਮੁੱਖ ਮੁਲਜ਼ਮ ਰਾਜਵਿੰਦਰ ਸਿੰਘ (40) ਦੀ ਪਤਨੀ ਸੁਖਦੀਪ ਕੌਰ ਨੇ ਗਵਾਹੀ ਦਿੱਤੀ। ਪੰਜਾਬੀ ’ਚ ਇੱਕ ਦੁਭਾਸ਼ੀਏ ਦੀ ਮਦਦ ਨਾਲ ਗਵਾਹੀ ਦਿੰਦਿਆਂ ਉਸ ਨੇ ਦੱਸਿਆ ਕਿ ਰਾਜਵਿੰਦਰ ਸਿੰਘ 22 ਅਕਤੂਬਰ, 2018 ਨੂੰ ਬਿਨਾਂ ਕਿਸੇ ਸਪੱਸ਼ਟੀਕਰਨ ਦੇ ਘਰ ਛੱਡ ਕੇ ਚਲਾ ਗਿਆ ਸੀ ਅਤੇ ਉਸ ਨਾਲ ਜਾਂ ਉਨ੍ਹਾਂ ਦੇ ਬੱਚਿਆਂ ਨਾਲ ਦੁਬਾਰਾ ਕਦੇ ਸੰਪਰਕ ਨਹੀਂ ਕੀਤਾ। ਉਸ ਨੇ ਦੱਸਿਆ ਕਿ 2018 ਤੋਂ ਬਾਅਦ ਉਸ ਨੇ ਅੱਜ ਹੀ ਰਾਜਵਿੰਦਰ ਸਿੰਘ ਨੂੰ ਆਹਮੋ-ਸਾਹਮਣੇ ਵੇਖਿਆ ਹੈ। ਨਾ ਹੀ ਉਸ ਦੇ ਦੋ ਬੇਟਿਆਂ ਅਤੇ ਇੱਕ ਬੇਟੀ ਨੇ 2018 ਤੋਂ ਬਾਅਦ ਅਪਣੇ ਪਿਤਾ ਦਾ ਮੂੰਹ ਵੇਖਿਆ ਹੈ, ਜੋ ਉਸ ਸਮੇਂ 1, 5 ਅਤੇ 8 ਸਾਲ ਦੇ ਸਨ।

ਇਸ ਦੌਰਾਨ ਉਸ ਨੇ ਇਹ ਵੀ ਦੱਸਿਆ ਕਿ ਘਟਨਾ ਤੋਂ ਕਈ ਮਹੀਨੇ ਪਹਿਲਾਂ ਦੋਹਾਂ ਦਾ ਝਗੜਾ ਹੋ ਗਿਆ ਸੀ ਅਤੇ ਰਾਜਵਿੰਦਰ ਸਿੰਘ ਨੇ ਉਸ ਤੋਂ ਤਲਾਕ ਲੈਣ ਦੀ ਇੱਛਾ ਪ੍ਰਗਟ ਕੀਤੀ ਸੀ। ਪਰ ਅਪਣੀ ਮਾਂ ਦੇ ਸਮਝਾਉਣ ਮਗਰੋਂ ਉਹ ਘਰ ਪਰਤ ਆਇਆ ਸੀ। ਰਾਜਵਿੰਦਰ ਸਿੰਘ ਦੀ ਮਾਂ ਬਲਵਿੰਦਰ ਕੌਰ ਨੇ ਗਵਾਹੀ ਦਿੱਤੀ ਕਿ ਤਲਾਕ ਨੂੰ ਭਾਰਤੀ ਸੱਭਿਆਚਾਰ ਵਿੱਚ ਚੰਗਾ ਨਹੀਂ ਸਮਝਿਆ ਜਾਂਦਾ ਅਤੇ ‘ਪਰਿਵਾਰ ਲਈ ਸ਼ਰਮਨਾਕ ਮੰਨਿਆ ਜਾਂਦਾ ਹੈ’। ਇਹ ਪੁੱਛੇ ਜਾਣ ’ਤੇ ਕਿ ਕੀ ਉਸ ਨੇ ਰਾਜਵਿੰਦਰ ਸਿੰਘ ਨੂੰ ਤਲਾਕ ਲੈਣ ਤੋਂ ਰੋਕਿਆ ਸੀ, ਉਸ ਨੇ ਜਵਾਬ ਦਿੱਤਾ, ‘ਹਾਂ।’ ਉਸ ਤੋਂ ਇਲਾਵਾ ਰਾਜਵਿੰਦਰ ਸਿੰਘ ਦੇ ਪਿਤਾ ਅਮਰ ਸਿੰਘ ਨੇ ਵੀ ਅਦਾਲਤ ’ਚ ਗਵਾਹੀ ਦਿੱਤੀ ਅਤੇ ਦਸਿਆ ਕਿ ਉਹ ਰਾਜਵਿੰਦਰ ਸਿੰਘ ਦੇ ਆਸਟ੍ਰੇਲੀਆ ਛੱਡਣ ਤੋਂ ਬਾਅਦ ਪੰਜਾਬ ’ਚ ਉਸ ਨੂੰ ਮਿਲਣ ਲਈ ਗਏ ਸਨ।

ਰਾਜਵਿੰਦਰ ਸਿੰਘ ਦੇ ਦੋਸਤ ਰਾਜਕਰਨ ਸਿੰਘ ਨੇ ਵੀ ਗਵਾਹੀ ਦਿੱਤੀ ਕਿ ਉਹੀ 22 ਅਕਤੂਬਰ, 2018 ਨੂੰ ਰਾਜਵਿੰਦਰ ਸਿੰਘ ਨੂੰ Cairns ਦੇ ਹਵਾਈ ਅੱਡੇ ਤਕ ਛੱਡਣ ਗਿਆ ਸੀ, ਜਿਸ ਦੌਰਾਨ ਉਹ ਤਣਾਅ ’ਚ ਸੀ। ਮੁਕੱਦਮਾ ਜਾਰੀ ਹੈ, ਰਾਜਵਿੰਦਰ ਸਿੰਘ ਨੇ Toyah Cordingley ਦੇ ਕਤਲ ਕੇਸ ’ਚ ਬੇਕਸੂਰ ਹੋਣ ਦੀ ਗੱਲ ਕਬੂਲ ਕੀਤੀ ਹੈ।