ਪ੍ਰਤੀ ਵਿਅਕਤੀ GDP ਵੀ ਸੱਤ ਤਿਮਾਹੀਆਂ ਮਗਰੋਂ ਵਧੀ, ਬਲੈਕ ਫ੍ਰਾਈਡੇ ਦੀ ਵਿਕਰੀ ਅਤੇ ਕ੍ਰਿਸਮਸ ਦੀ ਖਰੀਦਦਾਰੀ ਲਿਆਈ ਰੰਗ
ਮੈਲਬਰਨ : ਆਸਟ੍ਰੇਲੀਆ ਦੋ ਸਾਲਾਂ ਬਾਅਦ ਪ੍ਰਤੀ ਵਿਅਕਤੀ ਮੰਦੀ ਤੋਂ ਬਾਹਰ ਆ ਗਿਆ ਹੈ। ਆਸਟ੍ਰੇਲੀਆਈ ਬਿਊਰੋ ਆਫ ਸਟੈਟਿਸਟਿਕਸ (ABS) ਵੱਲੋਂ ਜਾਰੀ ਤਾਜ਼ਾ ਰਾਸ਼ਟਰੀ ਖਾਤਿਆਂ ਦੇ ਅੰਕੜਿਆਂ ਮੁਤਾਬਕ ਦਸੰਬਰ ਤਿਮਾਹੀ ’ਚ GDP ’ਚ 0.6 ਫੀਸਦੀ ਦਾ ਵਾਧਾ ਹੋਇਆ ਹੈ, ਜੋ ਦਸੰਬਰ 2022 ਤੋਂ ਬਾਅਦ ਦਾ ਸਭ ਤੋਂ ਉੱਚਾ ਅੰਕੜਾ ਹੈ।
ਪਿਛਲੇ ਇਕ ਸਾਲ ’ਚ ਅਰਥਵਿਵਸਥਾ 1.3 ਫੀਸਦੀ ਦੇ ਰੇਟ ਨਾਲ ਵਧੀ ਹੈ। ABS ਦੀ ਰਾਸ਼ਟਰੀ ਅਕਾਊਂਟਸ ਮੁਖੀ ਕੈਥਰੀਨ ਕੀਨਨ ਨੇ ਕਿਹਾ, ‘‘ਜਨਤਕ ਅਤੇ ਨਿੱਜੀ ਖਰਚ ਦੋਵਾਂ ਨੇ ਵਿਕਾਸ ਵਿੱਚ ਯੋਗਦਾਨ ਪਾਇਆ, ਜਿਸ ਨੂੰ ਵਸਤੂਆਂ ਅਤੇ ਸੇਵਾਵਾਂ ਦੇ ਨਿਰਯਾਤ ਵਿੱਚ ਵਾਧੇ ਦਾ ਸਮਰਥਨ ਮਿਲਿਆ।’’
ਪ੍ਰਤੀ ਵਿਅਕਤੀ ਆਧਾਰ ’ਤੇ ਅਰਥਵਿਵਸਥਾ ਦੀਆਂ ਲਗਾਤਾਰ ਸੱਤ ਤਿਮਾਹੀਆਂ ’ਚ ਪਿੱਛੇ ਜਾਣ ਤੋਂ ਬਾਅਦ ਆਖਰਕਾਰ ਦਸੰਬਰ ’ਚ ਪ੍ਰਤੀ ਵਿਅਕਤੀ GDP ’ਚ ਵਾਧਾ ਦਰਜ ਕੀਤਾ ਗਿਆ, ਹਾਲਾਂਕਿ ਇਹ ਸਿਰਫ 0.1 ਫੀਸਦੀ ਸੀ।
ਟਰੈਜ਼ਰਰ Jim Chalmers ਨੇ ਕਿਹਾ ਕਿ ਖਾਤਿਆਂ ਦੇ ਅੰਕੜੇ ਦਰਸਾਉਂਦੇ ਹਨ ਕਿ ਅਰਥਵਿਵਸਥਾ ਗਤੀ ਫੜ ਰਹੀ ਹੈ। ਮਹਿੰਗਾਈ ਘੱਟ ਹੋਈ ਹੈ, ਆਮਦਨ ਮਜ਼ਬੂਤ ਹੋ ਰਹੀ ਹੈ, ਬੇਰੁਜ਼ਗਾਰੀ ਬਹੁਤ ਘੱਟ ਹੈ, ਵਿਆਜ ਦਰਾਂ ਘੱਟ ਰਹੀਆਂ ਹਨ ਅਤੇ ਹੁਣ ਵਿਕਾਸ ਦਰ ਵੀ ਵਧ ਰਹੀ ਹੈ। ਬਲੈਕ ਫ੍ਰਾਈਡੇ ਦੀ ਵਿਕਰੀ ਅਤੇ ਕ੍ਰਿਸਮਸ ਦੀ ਖਰੀਦਦਾਰੀ ਨੂੰ ਕਵਰ ਕਰਨ ਵਾਲੀ ਮਿਆਦ ਲਈ ਘਰੇਲੂ ਖਰਚ ਵਿੱਚ ਵਾਧੇ ਦੇ ਕਾਰਨ ਇਹ ਵਾਧਾ ਹੋਇਆ ਹੈ। ਸਤੰਬਰ ਵਿੱਚ ਸਥਿਰ ਰਹਿਣ ਤੋਂ ਬਾਅਦ ਖ਼ਰਚ 0.4 ਫ਼ੀਸਦੀ ਵਧਿਆ। ਤਿਮਾਹੀ ’ਚ ਨਿੱਜੀ ਅਤੇ ਜਨਤਕ ਨਿਵੇਸ਼ ਦੋਵੇਂ ਵਧੇ ਅਤੇ ਘਰੇਲੂ ਬੱਚਤ ਅਨੁਪਾਤ ’ਚ ਵੀ 3.8 ਫੀਸਦੀ ਤੱਕ ਦਾ ਵਾਧਾ ਹੋਇਆ।