ਫ਼ਲਾਈਟ ਦੌਰਾਨ ਬੰਬ ਦੀ ਧਮਕੀ ਦੇਣ ਵਾਲਾ ਚੜ੍ਹਿਆ ਪੁਲਿਸ ਅੜਿੱਕੇ, ਝੂਠੇ ਨਾਮ ਨਾਲ ਕਰ ਰਿਹਾ ਸੀ ਸਫ਼ਰ

ਮੈਲਬਰਨ : ਬ੍ਰਿਸਬੇਨ ਦੇ ਇਕ ਵਿਅਕਤੀ ’ਤੇ ਫਲਾਈਟ ਦੌਰਾਨ ਬੰਬ ਦੀ ਧਮਕੀ ਦੇਣ ਅਤੇ ਝੂਠੇ ਨਾਮ ਨਾਲ ਸਫ਼ਰ ਕਰਨ ਦਾ ਦੋਸ਼ ਹੈ।ਕਥਿਤ ਧਮਕੀ 14 ਜਨਵਰੀ ਨੂੰ ਉਸ ਸਮੇਂ ਮਿਲੀ ਜਦੋਂ 44 ਸਾਲ ਦਾ ਵਿਅਕਤੀ ਸਿਡਨੀ ਹਵਾਈ ਅੱਡੇ ਤੋਂ ਬ੍ਰਿਸਬੇਨ ਜਾਣ ਵਾਲੀ ਉਡਾਣ ਵਿਚ ਸਵਾਰ ਹੋਇਆ। ਦੋਸ਼ ਹੈ ਕਿ ਇਹ ਵਿਅਕਤੀ ਉਡਾਣ ਭਰਨ ਤੋਂ ਪਹਿਲਾਂ ਮੋਬਾਈਲ ਫੋਨ ’ਤੇ ਗੱਲ ਕਰ ਰਿਹਾ ਸੀ ਅਤੇ ਕਹਿ ਰਿਹਾ ਸੀ ਕਿ ਜਹਾਜ਼ ਅੰਦਰ ਬੰਬ ਹੈ।

ਆਸਟ੍ਰੇਲੀਆਈ ਫੈਡਰਲ ਪੁਲਿਸ ਦੇ ਅਧਿਕਾਰੀਆਂ ਨੇ ਉਸ ਵਿਅਕਤੀ ਨੂੰ ਜਹਾਜ਼ ਤੋਂ ਬਾਹਰ ਕੱਢਿਆ ਅਤੇ ਪਤਾ ਲੱਗਾ ਕਿ ਉਹ ਜਾਅਲੀ ਨਾਮ ਨਾਲ ਯਾਤਰਾ ਕਰ ਰਿਹਾ ਸੀ। ਜਹਾਜ਼ ਦੀ ਤਲਾਸ਼ੀ ਲੈਣ ਤੋਂ ਬਾਅਦ ਇਹ ਪਤਾ ਲੱਗਿਆ ਕਿ ਬੰਬ ਦੀ ਕੋਈ ਧਮਕੀ ਨਹੀਂ ਸੀ। ਇਸ ਵਿਅਕਤੀ ਨੂੰ ਅੱਜ ਸਿਡਨੀ ਦੇ ਡਾਊਨਿੰਗ ਸੈਂਟਰ ਸਥਾਨਕ ਅਦਾਲਤ ’ਚ ਪੇਸ਼ ਕੀਤਾ ਜਾਣਾ ਹੈ। ਇਨ੍ਹਾਂ ਦੋਸ਼ਾਂ ਲਈ ਵੱਧ ਤੋਂ ਵੱਧ ਇਕ ਸਾਲ ਦੀ ਕੈਦ ਅਤੇ 16,500 ਡਾਲਰ ਦਾ ਜੁਰਮਾਨਾ ਹੋ ਸਕਦਾ ਹੈ।