ਮੈਲਬਰਨ : ਵਿਕਟੋਰੀਆ ਦੇ ਪੂਰਬੀ ਇਲਾਕੇ ’ਚ ਪ੍ਰਿੰਸ ਹਾਈਵੇਅ ’ਤੇ ਅੱਜ ਸਵੇਰੇ 50 ਮੁਸਾਫ਼ਰਾਂ ਨੂੰ ਲੈ ਕੇ ਜਾ ਰਹੀ ਇਕ V-Line ਟਰੇਨ ਅਤੇ ਇਕ ਟਰੱਕ ਦੀ ਟੱਕਰ ਹੋ ਗਈ। ਪੁਲਿਸ ਨੂੰ ਦੱਸਿਆ ਗਿਆ ਕਿ Gippsland ਖੇਤਰ ਦੇ Kilmany ਨੇੜੇ ਸਵੇਰੇ 10:10 ਵਜੇ ਦੇ ਕਰੀਬ ਐਕਸਕਾਵੇਟਰ ਨੂੰ ਲੈ ਕੇ ਇੱਕ ਟਰੱਕ ਜਾ ਰਿਹਾ ਸੀ ਜਦੋਂ ਉਹ ਆ ਰਹੀ ਟਰੇਨ ਨਾਲ ਟਕਰਾ ਗਿਆ। ਟਰੇਨ ਅਤੇ ਟਰੱਕ ਡਰਾਈਵਰ ਦੋਵੇਂ ਗੰਭੀਰ ਸੱਟਾਂ ਤੋਂ ਬਚ ਗਏ। ਰੇਲ ਗੱਡੀ ਵਿਚ ਸਵਾਰ 50 ਮੁਸਾਫ਼ਰ ਵੀ ਜ਼ਿਆਦਾਤਰ ਸੁਰੱਖਿਅਤ ਸਨ। ਪੈਰਾਮੈਡੀਕਲ ਸਟਾਫ ਨੇ ਮੌਕੇ ’ਤੇ ਛੇ ਲੋਕਾਂ ਦਾ ਇਲਾਜ ਕੀਤਾ, ਪਰ ਕਿਸੇ ਨੂੰ ਵੀ ਹਸਪਤਾਲ ਵਿੱਚ ਦਾਖਲ ਕਰਵਾਉਣ ਦੀ ਜ਼ਰੂਰਤ ਨਹੀਂ ਪਈ।
ਟਰੇਨ Melbouand ਦੇ Southern Cross Station ਤੋਂ ਰਵਾਨਾ ਹੋਈ ਸੀ ਅਤੇ Bairnsdale ਜਾ ਰਹੀ ਸੀ। ਸਵਾਰੀਆਂ ਨੂੰ ਅੱਗੇ ਦਾ ਸਫ਼ਰ ਕੋਚਾਂ ਰਹੀਂ ਪੂਰਾ ਕਰਨਾ ਪਿਆ। ਟੱਕਰ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਜਾਂਚ ਜਾਰੀ ਹੈ। ਘਟਨਾ ਦੇ ਡੈਸ਼ਕੈਮ ਫੁਟੇਜ ਵਾਲੇ ਕਿਸੇ ਵੀ ਵਿਅਕਤੀ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ। ਕਈ ਘੰਟਿਆਂ ਲਈ ਕੋਚ ਹੀ Traralgon ਅਤੇ Bairbsdale ਵਿਚਕਾਰ ਰੇਲ ਗੱਡੀਆਂ ਦੀ ਥਾਂ ਲੈਣਗੇ। ਚਾਲਕ ਦਲ ਰੇਲ ਅਤੇ ਰੇਲ ਬੁਨਿਆਦੀ ਢਾਂਚੇ ਨੂੰ ਹੋਏ ਕਿਸੇ ਵੀ ਨੁਕਸਾਨ ਦਾ ਮੁਲਾਂਕਣ ਕਰਨ ਅਤੇ ਮੁਰੰਮਤ ਕਰਨ ਲਈ ਖੜ੍ਹੇ ਹਨ।