ਭਿਆਨਕ ਤੂਫ਼ਾਨ ਮਗਰੋਂ ਮੀਂਹ ਦੇ ਪਾਣੀ ’ਚ ਡੁੱਬਾ ਸਿਡਨੀ, ਹੋਰ ਮੀਂਹ ਦੀ ਚੇਤਾਵਨੀ ਜਾਰੀ

ਮੈਲਬਰਨ : ਸਿਡਨੀ ’ਚ ਸੋਮਵਾਰ ਸਵੇਰੇ ਤੂਫਾਨ ਆ ਗਿਆ, ਜਿਸ ਕਾਰਨ ਭਾਰੀ ਮੀਂਹ ਪੈ ਰਿਹਾ ਹੈ ਅਤੇ ਮਹਾਂਨਗਰ ਖ਼ਤਰਨਾਕ ਹੜ੍ਹ ਦੀ ਮਾਰ ਹੇਠ ਹੈ। ਨਿਊ ਸਾਊਥ ਵੇਲਜ਼ ਦੇ ਸਮੁੰਦਰੀ ਕੰਢੇ ਨੇੜਲੇ ਇਲਾਕਿਆਂ ਆਏ ਤੂਫਾਨ ਕਾਰਨ ਸਟੇਅ ਦੇ ਜ਼ਿਆਦਾਤਰ ਹਿੱਸੇ ’ਚ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ, ਅਤੇ ਸਿਡਨੀ ਵਿਚ ਹੜ੍ਹ ਕਾਰਨ ਹਫੜਾ-ਦਫੜੀ ਮਚ ਗਈ ਹੈ।

ਤੂਫਾਨ ਕਾਰਨ ਵੈਸਟ ਸਿਡਨੀ ਦੇ ਹੋਰਸਲੇ ਪਾਰਕ ’ਚ 87.8 ਮਿਲੀਮੀਟਰ ਮੀਂਹ ਪਿਆ, ਜਦਕਿ ਹੋਰ ਇਲਾਕਿਆਂ ’ਚ 50 ਮਿਲੀਮੀਟਰ ਤੋਂ ਜ਼ਿਆਦਾ ਮੀਂਹ ਪਿਆ। ਮੱਛੀ ਮਾਰਕੀਟ ਨੇੜੇ ਬ੍ਰਿਜ ਰੋਡ ਸਮੇਤ ਸੜਕਾਂ ’ਤੇ ਹੜ੍ਹ ਆ ਗਿਆ ਹੈ ਅਤੇ ਕਈ ਥਾਵਾਂ ’ਤੇ ਲੋਕਾਂ ਦੀਆਂ ਕਾਰਾਂ ਵੀ ਮੀਂਹ ਦੇ ਪਾਣੀ ’ਚ ਡੁੱਬ ਗਈਆਂ। ਜਨਤਕ ਆਵਾਜਾਈ ਪ੍ਰਭਾਵਿਤ ਹੋਈ ਹੈ, ਹਲਕੇ ਰੇਲ ਸੇਵਾਵਾਂ ਅਤੇ ਰੇਲ ਲਾਈਨਾਂ ਦੇਰੀ ਨਾਲ ਚਲ ਰਹੀਆਂ ਹਨ ਜਾਂ ਬੰਦ ਹੋ ਗਈਆਂ ਹਨ।

ਮੌਸਮ ਵਿਗਿਆਨ ਬਿਊਰੋ ਨੇ ਚੇਤਾਵਨੀ ਦਿੱਤੀ ਹੈ ਕਿ ਅੱਜ ਸ਼ਾਮ ਅਤੇ ਕੱਲ੍ਹ ਸਿਡਨੀ ਵਿੱਚ ਹੋਰ ਤੂਫਾਨ ਆ ਸਕਦਾ ਹੈ, ਜਿਸ ਵਿੱਚ Gosford, Sydney, Orange, Katoomba, Dubbo, ਅਤੇ Parkes ਵਰਗੇ ਖੇਤਰ ਵਿਸ਼ੇਸ਼ ਚਿੰਤਾ ਦਾ ਵਿਸ਼ਾ ਹਨ। ਤੂਫਾਨ ਨੇ ਪਹਿਲਾਂ ਹੀ ਕਾਫ਼ੀ ਨੁਕਸਾਨ ਕੀਤਾ ਹੈ, ਜਿਸ ਵਿੱਚ ਘਰਾਂ ਅਤੇ ਦੁਕਾਨਾਂ ਵਿੱਚ ਹੜ੍ਹ ਆਉਣਾ, ਤੇਜ਼ ਹਵਾ ਕਾਰਨ ਖਿੜਕੀਆਂ ਟੁੱਟਣਾ ਅਤੇ Harden ਵਿੱਚ ਗੜੇਮਾਰੀ ਕਾਰਨ ਜੰਗਲੀ ਜੀਵਾਂ ਦਾ ਜ਼ਖਮੀ ਹੋਣਾ ਸ਼ਾਮਲ ਹੈ।