Hamilton ’ਚ ਮੰਦਭਾਗਾ ਹਾਦਸਾ, ਕਾਰ ਤੇ ਰੇਲ ਦੀ ਟੱਕਰ ’ਚ 3 ਜਣਿਆਂ ਦੀ ਮੌਤ, 2 ਜ਼ਖਮੀ

ਮੈਲਬਰਨ : ਨਿਊਜ਼ੀਲੈਂਡ ਦੇ Hamilton ’ਚ ਕਾਰ-ਰੇਲ ਗੱਡੀ ਦੀ ਭਿਆਨਕ ਟੱਕਰ ’ਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇਹ ਘਟਨਾ ਬੁੱਧਵਾਰ ਸਵੇਰੇ ਕਰੀਬ ਸਾਢੇ ਚਾਰ ਵਜੇ ਵਾਪਰੀ ਜਦੋਂ Peachgrove Road ’ਤੇ ਇਕ ਕਾਰ KiwiRail ਮਾਲ ਗੱਡੀ ਨਾਲ ਟਕਰਾ ਗਿਆ। ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਮੌਕੇ ’ਤੇ ਪਹੁੰਚ ਗਈਆਂ ਅਤੇ ਸੇਂਟ ਜੌਹਨ ਐਂਬੂਲੈਂਸ ਨੇ ਬਚੇ ਲੋਕਾਂ ਨੂੰ Waikato ਹਸਪਤਾਲ ਪਹੁੰਚਾਇਆ।

ਹਾਦਸੇ ਦੇ ਕਾਰਨਾਂ ਦੀ ਸੀਰੀਅਸ ਕ੍ਰੈਸ਼ ਯੂਨਿਟ ਜਾਂਚ ਕਰ ਰਹੀ ਹੈ। KiwiRail ਨੇ ਪੁਸ਼ਟੀ ਕੀਤੀ ਕਿ ਲੈਵਲ ਕਰਾਸਿੰਗ ’ਤੇ ਲਾਈਟਾਂ ਅਤੇ ਬੈਰੀਅਰ ਆਰਮਜ਼ ਕੰਮ ਕਰ ਰਹੀਆਂ ਸਨ। ਨੇੜੇ ਰਹਿੰਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਵੱਡਾ ਧਮਾਕਾ ਸੁਣਿਆ ਜਿਸ ਤੋਂ ਬਾਅਦ ਉਹ ਮਦਦ ਲਈ ਭੱਜੇ। ਰੇਲ ਸੁਰੱਖਿਆ ਚੈਰਿਟੀ TrackSAFE ਨੇ ਰੇਲਵੇ ਕਰਾਸਿੰਗ ’ਤੇ ਸਾਵਧਾਨੀ ਵਰਤਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ, ਡਰਾਈਵਰਾਂ ਨੂੰ ਰੇਲਵੇ ਕਰਾਸਿੰਗ ਨੇੜੇ ਗੱਡੀ ਹੌਲੀ ਕਰਨ ਅਤੇ ਚੇਤਾਵਨੀ ਦੇ ਸੰਕੇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਇਸ ਵਿੱਚ ਸ਼ਾਮਲ ਲੋਕਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਐਮਰਜੈਂਸੀ ਜਵਾਬ ਦੇਣ ਵਾਲਿਆਂ ਨੂੰ ਸਹਾਇਤਾ ਸੇਵਾਵਾਂ ਦੀ ਪੇਸ਼ਕਸ਼ ਕੀਤੀ ਗਈ ਹੈ।