ਮੈਲਬਰਨ : ਹਜ਼ਾਰਾਂ ਆਸਟ੍ਰੇਲੀਆਈ ਨਾਗਰਿਕ, ਜਿਨ੍ਹਾਂ ਨੂੰ Medicare ਲਾਭਾਂ ’ਚ 241 ਮਿਲੀਅਨ ਡਾਲਰ ਤੋਂ ਵੱਧ ਮਿਲਣਾ ਸੀ, ਅਜੇ ਤਕ ਆਪਣੇ ਪੁਰਾਣ ਬੈਂਕ ਵੇਰਵਿਆਂ ਕਾਰਨ ਇਸ ਨੂੰ ਪ੍ਰਾਪਤ ਨਹੀਂ ਕਰ ਸਕੇ ਹਨ। ਲਗਭਗ 200 ਲੋਕਾਂ ਨੂੰ 10,000 ਡਾਲਰ ਤੋਂ ਵੱਧ ਬਕਾਇਆ ਮਿਲਣਾ ਹੈ, ਜਦੋਂ ਕਿ ਔਸਤਨ ਆਸਟ੍ਰੇਲੀਆਈ ਦਾ ਲਗਭਗ 260 ਡਾਲਰ ਦਾ ਬਕਾਇਆ ਹੈ। ਇਹ ਪੈਸਾ ਕੁੱਲ 930,000 ਆਸਟ੍ਰੇਲੀਆਈ ਲੋਕਾਂ ਦਾ ਹੈ।
ਰਾਸ਼ਟਰੀ ਅਪੰਗਤਾ ਬੀਮਾ ਯੋਜਨਾ ਅਤੇ ਸਰਕਾਰੀ ਸੇਵਾਵਾਂ ਮੰਤਰੀ ਬਿਲ ਸ਼ਾਰਟਨ ਨੇ ਕਿਹਾ ਕਿ ਆਸਟ੍ਰੇਲੀਆ ਦੇ ਲੋਕਾਂ ਨੂੰ ਬਕਾਇਆ ਲਾਭਾਂ ਦਾ ਦਾਅਵਾ ਕਰਨ ਲਈ Medicare ਰਾਹੀਂ ਆਪਣੇ ਵੇਰਵਿਆਂ ਨੂੰ ਅਪਡੇਟ ਕਰਨ ਦੀ ਜ਼ਰੂਰਤ ਹੈ। ਸ਼ਾਰਟਨ ਨੇ ਕਿਹਾ ਕਿ myGov ਐਪ ਜਾਂ ਆਨਲਾਈਨ ਮੈਡੀਕੇਅਰ ਖਾਤੇ ’ਤੇ ਮੈਡੀਕੇਅਰ ਸੇਵਾ ਰਾਹੀਂ ਵੇਰਵਿਆਂ ਨੂੰ ਅਪਡੇਟ ਕਰਨ ਵਿਚ ਇਕ ਮਿੰਟ ਤੋਂ ਵੀ ਘੱਟ ਸਮਾਂ ਲੱਗਦਾ ਹੈ, ਜਿਸ ਨਾਲ ਸਰਵਿਸਿਜ਼ ਆਸਟ੍ਰੇਲੀਆ ਤਿੰਨ ਦਿਨਾਂ ਦੇ ਅੰਦਰ ਲਾਭਾਂ ਦਾ ਭੁਗਤਾਨ ਕਰਨ ਦੇ ਯੋਗ ਹੋ ਜਾਂਦਾ ਹੈ। ਅਧਿਕਾਰਤ ਐਪ ਨੂੰ my.gov.au ’ਤੇ ਜਾ ਕੇ ਵਰਤਿਆ ਜਾ ਸਕਦਾ ਹੈ।