ਮੈਲਬਰਨ : CoreLogic ਅਨੁਸਾਰ ਸਿਡਨੀ ’ਚ ਪਿਛਲੇ ਦੋ ਸਾਲਾਂ ’ਚ ਪਹਿਲੀ ਵਾਰ ਘਰਾਂ ਦੀਆਂ ਕੀਮਤਾਂ ਘਟਣੀਆਂ ਸ਼ੁਰੂ ਹੋ ਗਈਆਂ ਹਨ। ਜਨਵਰੀ 2023 ਤੋਂ ਬਾਅਦ ਬੀਤੇ ਅਕਤੂਬਰ ਵਿੱਚ ਕੀਮਤਾਂ ’ਚ 0.1٪ ਦੀ ਗਿਰਾਵਟ ਵੇਖੀ ਗਈ। ਇਸ ਤਰ੍ਹਾਂ ਕੀਮਤਾਂ ’ਚ ਇਹ ਕਮੀ ਮੈਲਬਰਨ ਦੇ ਰਾਹ ’ਤੇ ਤੁਰ ਪਈ ਲਗਦੀ ਹੈ। ਮੈਲਬਰਨ ਦੇ ਘਰਾਂ ਦੀਆਂ ਕੀਮਤਾ ’ਚ ਵੀ ਪਿਛਲੇ ਮਹੀਨੇ 0.2 ਫੀਸਦੀ ਦੀ ਗਿਰਾਵਟ ਆਈ ਹੈ, ਜਿਸ ਨਾਲ ਇਸ ਦੀ ਤਿੰਨ ਮਹੀਨਿਆਂ ਦੀ ਗਿਰਾਵਟ 1 ਫੀਸਦੀ ਹੋ ਗਈ। ਹਾਲਾਂਕਿ ਇਸ ਕਮੀ ਦੇ ਬਾਵਜੂਦ, ਸਿਡਨੀ (1.48 ਮਿਲੀਅਨ ਡਾਲਰ ਔਸਤ) ਅਤੇ ਮੈਲਬਰਨ (928,808 ਡਾਲਰ ਔਸਤ) ਵਿੱਚ ਔਸਤਨ ਮਕਾਨਾਂ ਦੇ ਮੁੱਲ ਉੱਚੇ ਬਣੇ ਹੋਏ ਹਨ। ਹੋਰ ਸ਼ਹਿਰਾਂ ਨੇ ਮਿਸ਼ਰਤ ਨਤੀਜੇ ਦਿਖਾਏ, ਪਰਥ ਅਤੇ ਐਡੀਲੇਡ ਵਿੱਚ ਮਕਾਨਾਂ ਦੀਆਂ ਕੀਮਤਾਂ ’ਚ ਵੱਡਾ ਵਾਧਾ (22.4٪ ਅਤੇ 14.5٪ ਸਾਲਾਨਾ) ਅਤੇ ਡਾਰਵਿਨ ਅਤੇ ਕੈਨਬਰਾ ਵਿੱਚ ਗਿਰਾਵਟ ਵੇਖੀ ਗਈ। ਮਕਾਨਾਂ ਦੀਆਂ ਕੀਮਤਾਂ ਵਿੱਚ ਮੰਦੀ ਦਾ ਕਾਰਨ ਆਬਾਦੀ ’ਚ ਹੌਲੀ ਵਾਧਾ ਅਤੇ ਵਿਕਰੀ ਲਈ ਮੌਜੂਦ ਵੱਧ ਮਕਾਨ ਰਿਹਾ। ਇਸ ਤੋਂ ਇਲਾਵਾ ਸਿਡਨੀ, ਮੈਲਬਰਨ, ਬ੍ਰਿਸਬੇਨ, ਹੋਬਾਰਟ ਅਤੇ ਕੈਨਬਰਾ ਵਿਚ ਵੀ ਪਿਛਲੇ ਤਿੰਨ ਮਹੀਨਿਆਂ ਵਿਚ ਕਿਰਾਏ ਵਿਚ ਵੀ ਗਿਰਾਵਟ ਆਈ ਹੈ।