ਮੈਲਬਰਨ : ਕ੍ਰਿਸਮਸ ਦੇ ਮੱਦੇਨਜ਼ਰ ਡਾਕ ਕੰਪਨੀ ‘ਆਸਟ੍ਰੇਲੀਆ ਪੋਸਟ’ ਦੇਸ਼ ਦੇ ਲੋਕਾਂ ਨੂੰ ਆਪਣੇ ਦੋਸਤਾਂ ਅਤੇ ਪਿਆਰਿਆਂ ਲਈ ਕ੍ਰਿਸਮਸ ਦੇ ਤੋਹਫ਼ੇ ਸਮੇਂ ਸਿਰ ਭੇਜਣ ਲਈ ਉਤਸ਼ਾਹਤ ਕਰ ਰਹੀ ਹੈ, ਤਾਂ ਜੋ ਇਹ ਠੀਕ ਮਿਤੀ ਨੂੰ ਆਪਣੀ ਮੰਜ਼ਿਲ ਤਕ ਪਹੁੰਚ ਸਕਣ। ਜੇਕਰ ਤੁਸੀਂ ਆਸਟ੍ਰੇਲੀਆ ਦੇ ਅੰਦਰੋਂ ਡਾਕ ਭੇਜ ਰਹੇ ਹੋ ਤਾਂ ਪਾਰਸਲ ਪੋਸਟ ਲਈ ਆਖਰੀ ਮਿਤੀ 20 ਦਸੰਬਰ ਹੈ ਅਤੇ ਐਕਸਪ੍ਰੈਸ ਪੋਸਟ ਲਈ ਆਖਰੀ ਦਿਨ 23 ਦਸੰਬਰ ਹੈ।
ਹਾਲਾਂਕਿ, ਚਿੱਠੀਆਂ ਅਤੇ ਕਾਰਡਾਂ ਨੂੰ ਉਸੇ ਸਟੇਟ ’ਚ ਭੇਜਣ ਲਈ 13 ਦਸੰਬਰ ਅਤੇ ਅੰਤਰਰਾਜੀ ਭੇਜਣ ਲਈ 16 ਦਸੰਬਰ ਆਖ਼ਰੀ ਮਿਤੀ ਹੋਵੇਗੀ। ਪਰ ਵੈਸਟਰਨ ਆਸਟ੍ਰੇਲੀਆ ਅਤੇ ਨੌਰਦਰਨ ਟੈਰੀਟਰੀ ਤੋਂ ਆਉਣ ਅਤੇ ਭੇਜੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਕੁਝ ਵਾਧੂ ਦਿਨ ਚਾਹੀਦੇ ਹੋਣਗੇ।
ਜੇ ਤੁਸੀਂ ਵਿਦੇਸ਼ਾਂ ਵਿੱਚ ਪਾਰਸਲ ਭੇਜ ਰਹੇ ਹੋ, ਤਾਂ ਸਸਤੇ ਰੇਟ ’ਤੇ ਦੂਜੇ ਦੇਸ਼ਾਂ ’ਚ ਤੋਹਫ਼ੇ ਭੇਜਣ ਦੀ ਆਖਰੀ ਮਿਤੀ 19 ਨਵੰਬਰ ਤੋਂ 4 ਦਸੰਬਰ ਦੇ ਵਿਚਕਾਰ ਹੈ। ਆਮ ਰੇਟ ’ਤੇ ਵਿਦੇਸ਼ਾਂ ’ਚ ਤੋਹਫ਼ੇ ਸਮੇਂ ਸਿਰ ਮੰਜ਼ਿਲ ਤਕ ਪਹੁੰਚਾਉਣ ਲਈ ਆਖ਼ਰੀ ਤਰੀਕਾਂ 26 ਨਵੰਬਰ ਤੋਂ 11 ਦਸੰਬਰ ਤੱਕ ਹਨ। ਐਕਸਪ੍ਰੈਸ ਮੇਲ ਰਾਹੀਂ ਇਹ 2 ਤੋਂ 16 ਦਸੰਬਰ ਤੱਕ ਭੇਜੇ ਜਾ ਸਕਦੇ ਹਨ।