ਆਸਟ੍ਰੇਲੀਆ ’ਚ ਜਬਰਨ ਵਿਆਹ ਦਾ ਦੂਜਾ ਕੇਸ ਸਾਹਮਣੇ ਆਇਆ, ਲਹਿੰਦੇ ਪੰਜਾਬ ਮੂਲ ਦੇ ਵਿਅਕਤੀ ਨੂੰ ਸੁਣਾਈ ਗਈ ਸਜ਼ਾ

ਮੈਲਬਰਨ : NSW ’ਚ ਪਾਕਿਸਤਾਨੀ ਮੂਲ ਦੇ ਇੱਕ 54 ਸਾਲ ਦੇ ਵਿਅਕਤੀ ਨੂੰ ਆਪਣੇ ਨਾਬਾਲਗ ਬੱਚਿਆਂ ਨੂੰ ਵਿਆਹ ਕਰਵਾਉਣ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿਚ 3 ਸਾਲ 4 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੋਸ਼ੀ ਨੇ ਸਾਲ 2021 ’ਚ ਪਾਕਿਸਤਾਨ ਤੋਂ NSW ਦੇ Leeton ’ਚ ਆਏ ਆਪਣੇ ਬੱਚਿਆਂ ਦੇ ਪਾਸਪੋਰਟ ਅਤੇ ਫੋਨ ਜ਼ਬਤ ਕਰ ਲਏ ਅਤੇ ਉਨ੍ਹਾਂ ਦੇ ਘਰ ਤੋਂ ਬਾਹਰ ਨਿਕਲਣ ’ਤੇ ਵੀ ਪਾਬੰਦੀਆਂ ਲਗਾ ਦਿੱਤੀਆਂ ਸਨ।

ਦਰਅਸਲ ਉਹ ਚਾਹੁੰਦਾ ਸੀ ਕਿ ਉਸ ਦੇ ਬੱਚਿਆਂ ਦਾ ਵਿਆਹ ਉਸ ਦੀ ਮਰਜ਼ੀ ਨਾਲ ਹੋਵੇ ਨਾ ਕਿ ਉਨ੍ਹਾਂ ਦੀ ਮਾਂ ਦੀ ਮਰਜ਼ੀ ਨਾਲ, ਜਿਸ ਨੂੰ ਉਹ ‘ਘਟੀਆ ਔਰਤ’ ਸਮਝਦਾ ਸੀ। ਇਸ ਵਿਅਕਤੀ ਨੇ ਆਸਟ੍ਰੇਲੀਆ ’ਚ ਦੂਜਾ ਵਿਆਹ ਕਰਵਾਇਆ ਸੀ ਜਿਸ ਤੋਂ ਉਸ ਦੇ ਬੱਚੇ ਵੀ ਹਨ।

ਪਰ ਜਦੋਂ ਉਹ ਮੈਲਬਰਨ ਕਿਸੇ ਕੰਮ ਲਈ ਗਿਆ ਸੀ ਤਾਂ ਦੋਵੇਂ ਬੱਚੇ (ਕੁੜੀ 19 ਸਾਲ ਦੀ ਅਤੇ ਮੁੰਡਾ 17 ਸਾਲਾਂ ਦਾ) ਖਿੜਕੀ ਤੋੜ ਕੇ ਘਰੋਂ ਭੱਜ ਗਏ ਅਤੇ ਸਿਡਨੀ ’ਚ ਆਪਣੀ ਮਾਂ ਦੀ ਇੱਕ ਸਹੇਲੀ ਦੀ ਮਦਦ ਨਾਲ ਆਪਣੇ ਪਿਤਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਇਹ ਆਸਟ੍ਰੇਲੀਆ ’ਚ ਜਬਰਨ ਵਿਆਹ ਕਰਵਾਉਣ ਦਾ ਸਿਰਫ਼ ਦੂਜਾ ਕੇਸ ਹੈ ਜਿਸ ’ਚ ਕਿਸੇ ਵਿਅਕਤੀ ਨੂੰ ਸਜ਼ਾ ਹੋਈ ਹੈ।ਬੱਚਿਆਂ ਨੇ ਅਦਾਲਤ ਨੂੰ ਦਸਿਆ ਕਿ ਉਨ੍ਹਾਂ ਦੇ ਪਿਤਾ ਨੇ ਹੀ ਉਨ੍ਹਾਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ।