CFMEU ’ਤੇ ਸਰਕਾਰੀ ਕੰਟਰੋਲ ਹੋਣ ਮਗਰੋਂ ਦੇਸ਼ ਭਰ ’ਚ ਪ੍ਰਦਰਸ਼ਨ, ਉਸਾਰੀ ਵਾਲੀਆਂ ਥਾਵਾਂ ’ਤੇ ਕੰਮ ਠੱਪ

ਮੈਲਬਰਨ : ਫੈਡਰਲ ਸਰਕਾਰ ਵੱਲੋਂ CFMEU ਦੀ ਉਸਾਰੀ ਸ਼ਾਖਾ ਨੂੰ ਆਪਣੇ ਕਬਜ਼ੇ ਵਿੱਚ ਲੈਣ ਦੇ ਵਿਰੋਧ ਵਿੱਚ ਦੇਸ਼ ਭਰ ਦੇ ਹਜ਼ਾਰਾਂ ਵਰਕਰਾਂ ਨੇ ਮੰਗਲਵਾਰ ਨੂੰ ਕੰਮ ਬੰਦ ਕਰ ਦਿੱਤਾ। ਸਿਡਨੀ, ਮੈਲਬਰਨ ਬ੍ਰਿਸਬੇਨ ਸਮੇਤ ਕਈ ਥਾਵਾਂ ’ਤੇ ਪ੍ਰਦਰਸ਼ਨਕਾਰੀਆਂ ਨੇ ਸੜਕਾਂ ਸੜਕਾਂ ਬੰਦ ਕਰ ਦਿੱਤੀਆਂ।

ਸਿਡਨੀ ਦੀ Macquarie Street ਅਤੇ Elizabeth Street ਦੇ ਨਾਲ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਸਾਬਕਾ ਸਕੱਤਰ Darren Greenfield ਨੇ ACTU ਦੀ ਸਕੱਤਰ Sally McManus ਅਤੇ ਲੇਬਰ ਪਾਰਟੀ ਦੀ ਆਲੋਚਨਾ ਕੀਤੀ। CFMEU ਦੇ ਮੈਂਬਰਾਂ ਨੇ ਸਿਡਨੀ ਵਿੱਚ ਸੰਸਦ ਭਵਨ ਦੇ ਬਾਹਰ ਪ੍ਰਦਰਸ਼ਨ ਕੀਤਾ ਜਿਸ ਨਾਲ ਸ਼ਹਿਰ ਭਰ ਵਿੱਚ ਨਿਰਮਾਣ ਪ੍ਰੋਜੈਕਟਾਂ ’ਤੇ ਕੰਮ ਠੱਪ ਰਿਹਾ।

ਮੈਲਬਰਨ ਵਿਚ Carlton ਦੇ ਟਰੇਡਜ਼ ਹਾਲ ਦੇ ਬਾਹਰ ਪ੍ਰਦਰਸ਼ਨ ਕਰਨ ਲਈ ਹਜ਼ਾਰਾਂ ਲੋਕ ਵਿੱਚ ਇਕੱਠੇ ਹੋਏ। ਐਗਜ਼ੀਬੀਸ਼ਨ ਸਟ੍ਰੀਟ ’ਤੇ ਫੇਅਰ ਵਰਕ ਕਮਿਸ਼ਨ ਵੱਲ ਮਾਰਚ ਕਰਨ ਤੋਂ ਪਹਿਲਾਂ ਵਰਕਰ ਮੈਲਬਰਨ ਦੀ Lygon Street ’ਤੇ ਟਰੇਡਜ਼ ਹਾਲ ਦੇ ਬਾਹਰ ਇਕੱਠੇ ਹੋਏ। ਮੈਲਬਰਨ ਵਿਚ ਪ੍ਰਦਰਸ਼ਨਕਾਰੀਆਂ ਦੀ ਭੀੜ ਵਿਚ ਲਾਲ, ਕਾਲੇ ਅਤੇ ਨੀਲੇ ਝੰਡੇ ਲਹਿਰਾਏ ਗਏ। ਟ੍ਰੈਡੀਜ਼ ਬੈਨਰ ਅਤੇ ਯੂਨੀਅਨ ਦੇ ਝੰਡੇ ਲਹਿਰਾਉਂਦੇ ਹੋਏ ਪ੍ਰਦਰਸ਼ਨਕਾਰੀਆਂ ਨੇ ਮੈਲਬਰਨ CBD ਦੇ ਨਾਲ ਮਾਰਚ ਕੀਤਾ।

ਜਦਕਿ ਬ੍ਰਿਸਬੇਨ ਦੇ ਕੁਈਨਜ਼ ਗਾਰਡਨ ਵੱਲ ਲੋਕਾਂ ਦਾ ਹੜ੍ਹ ਆ ਗਿਆ। ਇਲੈਕਟ੍ਰੀਕਲ ਟਰੇਡਜ਼ ਯੂਨੀਅਨ ਕੁਈਨਜ਼ਲੈਂਡ ਦੇ ਸਕੱਤਰ ਪੀਟਰ ਓਂਗ ਨੇ ਬ੍ਰਿਸਬੇਨ ਦੇ ਕੁਈਨਜ਼ ਗਾਰਡਨ ਪਾਰਕ ਵਿੱਚ CFMEU ਦੀ ਰੈਲੀ ਨੂੰ ਸੰਬੋਧਨ ਕੀਤਾ। ਮੈਂਬਰਾਂ ਨੇ ਬ੍ਰਿਸਬੇਨ ਵਿੱਚ CFMEU ਦੇ ਝੰਡੇ ਲਹਿਰਾਏ ਅਤੇ ਨਾਲ ਹੀ ਤਖ਼ਤੀਆਂ ਵੀ ਲਹਿਰਾਈਆਂ ਜਿਨ੍ਹਾਂ ’ਤੇ ਲਿਖਿਆ ਸੀ ‘ਹੈਂਡਸ ਆਫ ਆਵਰ ਯੂਨੀਅਨ’। ਬ੍ਰਿਸਬੇਨ ਦੇ CBD ਸਥਿਤ ਦਫਤਰਾਂ ਨੂੰ ਸੁਰੱਖਿਆ ਚਿੰਤਾਵਾਂ ਕਾਰਨ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਬੰਦ ਕਰ ਦਿੱਤਾ ਗਿਆ ਸੀ।