ਮੈਲਬਰਨ : ਪਰਥ ਵਾਸੀ ਰਮਨਦੀਪ ਕੌਰ ਨੇ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਜੂਝ ਰਹੇ ਆਪਣੇ ਪਤੀ ਅੰਮ੍ਰਿਤਪਾਲ ਸਿੰਘ ਦੇ ਇਲਾਜ ਲਈ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਹੈ। ਸਤੰਬਰ 2023 ਵਿੱਚ ਉਸ ਦੇ ਪਤੀ ਨੂੰ ਭੋਜਨ ਨਿਗਲਣ ਵਿੱਚ ਮੁਸ਼ਕਲ ਮਹਿਸੂਸ ਹੋਣ ਲੱਗੀ ਸੀ। ਅਕਤੂਬਰ 2023 ਵਿੱਚ ਉਹ GP ਕੋਲ ਗਏ ਪਰ ਉਸ ਨੇ ਕਾਫ਼ੀ ਦੇਰ ਤਕ ਅੰਮ੍ਰਿਤਪਾਲ ਸਿੰਘ ਦੀ ਗੰਭੀਰ ਹਾਲਤ ਨੂੰ ਨਜ਼ਰਅੰਦਾਜ਼ ਕੀਤਾ ਅਤੇ ਐਂਡੋਸਕੋਪੀ ਨਹੀਂ ਕਰਵਾਈ। ਹਾਲਤ ਜ਼ਿਆਦਾ ਖ਼ਰਾਬ ਹੋਣ ’ਤੇ ਉਸ ਨੂੰ SJOG ਹਸਪਤਾਲ, Murdoch ਵਿੱਚ ਭੇਜਿਆ ਗਿਆ ਜਿੱਥੇ ਉਸ ਦਾ ਪਿੱਤਾ ਸਰਜਰੀ ਕਰ ਕੇ ਕੱਢ ਦਿਤਾ ਗਿਆ। ਪਰ ਉਸ ਦੀ ਹਾਲਤ ਦਿਨ-ਬ-ਦਿਨ ਖ਼ਰਾਬ ਹੁੰਦੀ ਗਈ। ਜਨਵਰੀ 2024 ’ਚ ਉਨ੍ਹਾਂ ਨੂੰ ਪਤਾ ਲੱਗਾ ਕਿ ਅੰਮ੍ਰਿਤਪਾਲ ਸਿੰਘ ਨੂੰ ਕੈਂਸਰ ਹੈ। ਇਸ ਵੇਲੇ ਉੁਹ ਭਾਰਤ ਵਿੱਚ ਕੀਮੋਥੈਰੇਪੀ ਕਰਵਾ ਰਹੇ ਹਨ। ਰਮਨਦੀਪ ਕੌਰ ਕੰਮ ਨਹੀਂ ਕਰਦੀ ਅਤੇ ਅੰਮ੍ਰਿਤਪਾਲ ਸਿੰਘ ਨੂੰ ਦਸੰਬਰ 2023 ਵਿੱਚ ਉਸ ਦੀ ਸਰਜਰੀ ਤੋਂ ਬਾਅਦ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਉਨ੍ਹਾਂ ਦੇ 8 ਸਾਲ ਤੋਂ ਘੱਟ ਉਮਰ ਦੇ ਦੋ ਛੋਟੇ ਬੱਚੇ ਵੀ ਹਨ। ਪਰਿਵਾਰ ਲਈ ਇਸ ਸਮੇਂ ਵਿੱਤੀ ਤਣਾਅ ਨਾਲ ਸਿੱਝਣਾ ਬਹੁਤ ਮੁਸ਼ਕਲ ਹੈ। ਉਨ੍ਹਾਂ ਨੇ ਆਪਣੇ ਕਰਜ਼ਿਆਂ ਦਾ ਭੁਗਤਾਨ ਕਰਨ ਅਤੇ ਇਲਾਜ ਲਈ ਡਾਕਟਰੀ ਖਰਚਿਆਂ ਨੂੰ ਪੂਰਾ ਕਰਨ ਲਈ ਲੋਕਾਂ ਤੋਂ ਵਿੱਤੀ ਮਦਦ ਦੀ ਅਪੀਲ ਕੀਤੀ ਹੈ। ਉਨ੍ਹਾਂ ਦੀ ਮਦਦ gofundme ’ਤੇ ਕੀਤੀ ਜਾ ਸਕਦੀ ਹੈ।