ਬੱਚਿਆਂ ਨੂੰ ਸ਼ਰਾਬ ਦੀ ਲਤ ਲਗਾ ਰਹੇ ਨੇ ਜ਼ੀਰੋ-ਅਲਕੋਹਲ ਡਰਿੰਕ! ਜਾਣੋ, ਨਵੀਂ ਰਿਸਰਚ ਨੇ ਕੀ ਕੀਤਾ ਖ਼ੁਲਾਸਾ

ਮੈਲਬਰਨ : ਕੈਂਸਰ ਕੌਂਸਲ ਆਸਟ੍ਰੇਲੀਆ ਵੱਲੋਂ ਕੀਤੇ ਇੱਕ ਸਰਵੇ ’ਚ ਖ਼ੁਲਾਸਾ ਹੋਇਆ ਹੈ ਕਿ ਅਲਕੋਹਲ ਵਾਲੇ ਡਰਿੰਕਸ ਦੀ ਨਕਲ ਕਰਨ ਵਾਲੇ ਜ਼ੀਰੋ-ਅਲਕੋਹਲ ਡਰਿੰਕ ਜ਼ਿਆਦਾਤਰ ਨਾਬਾਲਗਾਂ (57٪) ਨੂੰ ਆਕਰਸ਼ਿਤ ਕਰਦੇ ਹਨ ਅਤੇ ਇੱਕ ਤਿਹਾਈ ਤੋਂ ਵੱਧ (37٪) ਦੁਆਰਾ ਅਜ਼ਮਾਏ ਗਏ ਹਨ। 15-17 ਸਾਲ ਦੀ ਉਮਰ ਦੇ 679 ਆਸਟ੍ਰੇਲੀਆਈ ਨਾਬਾਲਗਾਂ ’ਤੇ ਕੀਤੇ ਸਰਵੇਖਣ ਵਿੱਚ ਪਾਇਆ ਗਿਆ ਕਿ ਅਲਕੋਹਲ ਵਾਲੇ ਡਰਿੰਕਸ ਵਰਗੇ ਡਿਜ਼ਾਈਨ ਕੀਤੇ ਗਏ ਇਹ ਡਰਿੰਕ ਕੁੜੀਆਂ-ਮੁੰਡਿਆਂ ਨੂੰ ਘੱਟ ਉਮਰ ’ਚ ਸ਼ਰਾਬ ਪੀਣ ਲਈ ਉਤਸ਼ਾਹਤ ਕਰ ਸਕਦੇ ਹਨ। ਅਧਿਐਨ ਸੁਝਾਅ ਦਿੰਦਾ ਹੈ ਕਿ ਇਨ੍ਹਾਂ ਪੀਣ ਵਾਲੇ ਪਦਾਰਥਾਂ ਅਤੇ ਉਨ੍ਹਾਂ ਦੀ ਮਾਰਕੀਟਿੰਗ ਦੇ ਸੰਪਰਕ ਵਿੱਚ ਆਉਣ ਨਾਲ ਸ਼ਰਾਬ ਦੀ ਖਪਤ ਆਮ ਹੋ ਸਕਦੀ ਹੈ ਅਤੇ ਜਲਦੀ ਸ਼ਰਾਬ ਦੀ ਵਰਤੋਂ ਦੀ ਸੰਭਾਵਨਾ ਵਧ ਸਕਦੀ ਹੈ। ਵਰਤਮਾਨ ਵਿੱਚ, ਜ਼ੀਰੋ-ਅਲਕੋਹਲ ਡ੍ਰਿੰਕਸ ਦੀ ਮਾਰਕੀਟਿੰਗ ਜਾਂ ਵਿਕਰੀ ‘ਤੇ ਕੋਈ ਪਾਬੰਦੀ ਨਹੀਂ ਹੈ।