ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ’ਚ ਹਰਮੀਤ ਢਿੱਲੋਂ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਕੀਤੀ ਅਰਦਾਸ

ਮੈਲਬਰਨ : ਅਮਰੀਕੀ ਸਿਵਲ ਰਾਈਟਸ ਅਟਾਰਨੀ ਅਤੇ ਰਿਪਬਲਿਕਨ ਪਾਰਟੀ ਦੀ ਆਗੂ ਹਰਮੀਤ ਢਿੱਲੋਂ ਨੇ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਦੇ ਪਹਿਲੇ ਦਿਨ ਦੀ ਬੈਠਕ ਖ਼ਤਮ ਹੋਣ ’ਤੇ ਵਾਹਿਗੁਰੂ ਨੂੰ ਇਸ ਤਰ੍ਹਾਂ ਅਰਦਾਸ ਕੀਤੀ ਕਿ ਲੋਕ ਮੰਤਰਮੁਗਧ ਹੋ ਕੇ ਸੁਣਨ ਲੱਗੇ। ਉਨ੍ਹਾਂ ਨੇ ਸਿਰ ਢੱਕ ਲਿਆ ਅਤੇ ਅਰਦਾਸ ਪੜ੍ਹੀ। ਉਨ੍ਹਾਂ ਨੇ ਬਹੁਤ ਹੀ ਸੁਰੀਲੀ ਆਵਾਜ਼ ਵਿਚ ਅਰਦਾਸ ਸੁਣਾਈ, ਜਿਸ ਤੋਂ ਬਾਅਦ ਪੂਰਾ ਕਨਵੈਨਸ਼ਨ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਅਮਰੀਕਾ ਵਿਚ ਇਹ ਪਹਿਲਾ ਮੌਕਾ ਸੀ ਜਦੋਂ ਭਾਰਤੀ ਮੂਲ ਦੀ ਕਿਸੇ ਔਰਤ ਨੇ ਇਸ ਤਰ੍ਹਾਂ ਪ੍ਰਾਰਥਨਾ ਕੀਤੀ ਸੀ।

ਹਰਮੀਤ ਢਿੱਲੋਂ ਦੀ ਅਰਦਾਸ ਡੋਨਾਲਡ ਟਰੰਪ ਨੇ ਵੀ ਸੁਣੀ। ਜਦੋਂ ਅਰਦਾਸ ਖਤਮ ਹੋਈ ਤਾਂ ਉਨ੍ਹਾਂ ਨੇ ਤਾੜੀਆਂ ਵਜਾਈਆਂ। ਹਰਮੀਤ ਢਿੱਲੋਂ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਸਾਦੇ ਸ਼ਬਦਾਂ ਨਾਲ ਕੀਤੀ ਅਤੇ ਕਿਹਾ, ‘‘ਪਿਛਲੇ 48 ਘੰਟੇ ਸਾਡੇ ਲਈ ਬਹੁਤ ਸੰਵੇਦਨਸ਼ੀਲ ਰਹੇ ਹਨ। ਅਸੀਂ ਸਾਡੇ ਸਮਰਥਕ ਰਾਸ਼ਟਰਪਤੀ ਟਰੰਪ ‘ਤੇ ਹੋਏ ਘਿਨਾਉਣੇ ਹਮਲੇ ਤੋਂ ਹਿੱਲ ਗਏ ਹਾਂ। ਮੈਂ ਇੱਕ ਸਿੱਖ ਪ੍ਰਵਾਸੀ ਪਰਿਵਾਰ ਤੋਂ ਹਾਂ। ਮੈਂ ਆਪਣੇ ਮਹਿਮਾਨਾਂ ਲਈ ਪ੍ਰਾਰਥਨਾ ਕਰਨਾ ਚਾਹੁੰਦਾ ਹਾਂ। ਅਸੀਂ ਕਿਸੇ ਵੀ ਨਵੇਂ ਕੰਮ ਤੋਂ ਪਹਿਲਾਂ ਆਪਣੇ ਪ੍ਰਭੂ ਨੂੰ ਪ੍ਰਾਰਥਨਾ ਕਰਦੇ ਹਾਂ, ਜਿਸ ਕਰਕੇ ਅਸੀਂ ਰੱਬ ਦਾ ਧੰਨਵਾਦ ਕਰਦੇ ਹਾਂ। ਮਨੁੱਖਤਾ, ਸੱਚਾਈ, ਹਿੰਮਤ, ਸੇਵਾ ਅਤੇ ਨਿਆਂ ਲਈ ਅਸੀਂ ਰੱਬ ਤੋਂ ਰਹਿਮ ਦੀ ਮੰਗ ਕਰਦੇ ਹਾਂ।’’ ਢਿੱਲੋਂ ਨੇ ਸਿਰ ਢਕ ਕੇ ਅਰਦਾਸ ਦਾ ਪਾਠ ਕੀਤਾ, ‘‘ਤੂੰ ਠਾਕੁਰ ਤੁਮ ਪੇ ਅਰਦਾਸ…’’ ਹਰਮੀਤ ਢਿੱਲੋਂ ਦੀ ਅਰਦਾਸ ਦੌਰਾਨ ਸਾਰਿਆਂ ਨੇ ਸਿਰ ਝੁਕਾਇਆ। ਉਨ੍ਹਾਂ ਕਿਹਾ, ‘‘ਅਸੀਂ ਸ਼ੁਕਰਗੁਜ਼ਾਰ ਹਾਂ ਕਿ ਡੋਨਾਲਡ ਟਰੰਪ ਦੀ ਜਾਨ ਬਚ ਗਈ।

ਟਰੰਪ ’ਤੇ ਹੋਏ ਹਮਲੇ ਤੋਂ ਬਾਅਦ ਉਹ ਪਹਿਲੀ ਵਾਰੀ ਜਨਤਕ ਤੌਰ ’ਤੇ ਇਸ ਕਨਵੈਨਸ਼ਨ ’ਚ ਕੰਨ ’ਤੇ ਪੱਟੀ ਬੰਨ੍ਹੀ ਨਜ਼ਰ ਆਏ। ਇਸ ਤੋਂ ਬਾਅਦ ਢਿੱਲੋਂ ਨੇ ਅਮਰੀਕਾ ਨੂੰ ਧਰਤੀ ‘ਤੇ ਸਵਰਗ ਕਿਹਾ ਅਤੇ ਵੋਟਰਾਂ ਲਈ ਆਸ਼ੀਰਵਾਦ ਮੰਗਿਆ। ਟਰੰਪ ਦੀ ਮੌਜੂਦਗੀ ’ਚ ਉਨ੍ਹਾਂ ਕਿਹਾ, ‘‘ਪਿਆਰੇ ਵਾਹਿਗੁਰੂ, ਸਾਡੇ ਇੱਕ ਸੱਚੇ ਪਰਮਾਤਮਾ, ਅਸੀਂ ਅਮਰੀਕਾ ਨੂੰ ਇਸ ਧਰਤੀ ‘ਤੇ ਇੱਕ ਵਿਲੱਖਣ ਪਨਾਹਗਾਹ ਵਜੋਂ ਬਣਾਉਣ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਜਿੱਥੇ ਸਾਰੇ ਲੋਕ ਆਪਣੀ ਨਿਹਚਾ ਅਨੁਸਾਰ ਪੂਜਾ ਕਰਨ ਲਈ ਸੁਤੰਤਰ ਹਨ। ਅਸੀਂ ਆਪਣੇ ਪਿਆਰੇ ਦੇਸ਼ ਲਈ ਤੁਹਾਡੇ ਆਸ਼ੀਰਵਾਦ ਅਤੇ ਮਾਰਗਦਰਸ਼ਨ ਦੀ ਮੰਗ ਕਰਦੇ ਹਾਂ। ਕਿਰਪਾ ਕਰ ਕੇ ਸਾਡੇ ਲੋਕਾਂ ਨੂੰ ਬੁੱਧੀ ਦਾ ਆਸ਼ੀਰਵਾਦ ਦਿਓ ਜਦੋਂ ਉਹ ਆਉਣ ਵਾਲੀਆਂ ਚੋਣਾਂ ਵਿੱਚ ਵੋਟ ਪਾਉਣਗੇ। ਅਤੇ ਕਿਰਪਾ ਕਰ ਕੇ ਚੋਣਾਂ ਕਰਵਾਉਣ ਵਾਲੇ ਸਾਰੇ ਲੋਕਾਂ ਨੂੰ ਨਿਮਰਤਾ, ਇਮਾਨਦਾਰੀ, ਹੁਨਰ ਅਤੇ ਈਮਾਨਦਾਰੀ ਨਾਲ ਆਸ਼ੀਰਵਾਦ ਦਿਓ।’’ ਕਈ ਹੋਰ ਡੈਲੀਗੇਟਾਂ ਨੇ ਹੱਥ ਜੋੜ ਕੇ, ਸਿਰ ਝੁਕਾ ਕੇ ਅਤੇ ਅੱਖਾਂ ਬੰਦ ਕਰ ਕੇ ਢਿੱਲੋਂ ਦੀ ਪ੍ਰਾਰਥਨਾ ਵਿੱਚ ਹਿੱਸਾ ਲਿਆ।