ਸਿਡਨੀ ਦਾ ਸਿੱਖ ਪਰਿਵਾਰ ਹੋਇਆ ਗ਼ਲਤਫ਼ਹਿਮੀ ਦਾ ਸ਼ਿਕਾਰ, ਪੁਲਿਸ ਨੇ Insurance ਧੋਖਾਧੜੀ ਦੇ ਮਾਮਲੇ ’ਚ ਦਿੱਤੀ ਕਲੀਨਚਿੱਟ

ਮੈਲਬਰਨ : ਪਿਛਲੇ ਦਿਨੀਂ ਸੋਸ਼ਲ ਮੀਡੀਆ ’ਤੇ ਸਿਡਨੀ ਦੇ ਇੱਕ ਸਿੱਖ ਪਰਿਵਾਰ ਦਾ ਵੀਡੀਉ ਵਾਇਰਲ ਹੋਣ ਤੋਂ ਬਾਅਦ ਉਸ ’ਤੇ Insurance ਧੋਖਾਧੜੀ ਦੇ ਇਲਜ਼ਾਮ ਲਗਾਏ ਜਾ ਰਹੇ ਸਨ ਜਿਸ ਬਾਰੇ ਇਸ ਪਰਿਵਾਰ ਨੇ ਮੀਡੀਆ ਸਾਹਮਣੇ ਆ ਕੇ ਸੱਚਾਈ ਜ਼ਾਹਰ ਕੀਤੀ ਹੈ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਵੀਡੀਉ ਘਟਨਾ ਪਰਿਵਾਰ ਦੇ ਆਪਸੀ ਝਗੜੇ ਤੋਂ ਬਾਅਦ ਪੈਦਾ ਹੋਏ ਹਾਲਾਤ ਦੀ ਸੀ ਨਾ ਕਿ ਕਿਸੇ ਧੋਖਾਧੜੀ ਕਰਨ ਦੀ ਕੋਸ਼ਿਸ਼ ਦਾ ਹਿੱਸਾ।

ਵਾਇਰਲ ਹੋਈ ਵੀਡੀਓ ਦੇ ਵਿੱਚ ਜਿਹੜਾ ਨੌਜਵਾਨ ਮਾਤਾ ਦੀ ਵੀਡੀਓ ਬਣਾਉਂਦਾ ਦਿਖਾਈ ਦੇ ਰਿਹਾ ਹੈ, ਉਸ ਨੇ ਅਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਮੀਡੀਆ ਨੂੰ ਦਸਿਆ, ‘‘ਮੈਂ ਆਪਣੀ ਮਾਂ ਦੀ ਸਿਹਤ ਨੂੰ ਲੈ ਕੇ ਕਾਫੀ ਪਰੇਸ਼ਾਨ ਸੀ। ਮੈਂ ਅਤੇ ਮੇਰੀ ਮਾਤਾ ਜੀ ਆਪਸ ਵਿੱਚ ਕਿਸੇ ਗੱਲ ਤੋਂ ਬਹਿਸਣ ਲੱਗ ਪਏ। ਗੱਲਬਾਤ ਕਾਫੀ ਗਰਮ ਹੋ ਗਈ ਅਤੇ ਮਾਤਾ ਜੀ ਨੇ ਗੁੱਸੇ ਵਿੱਚ ਆ ਕੇ ਸੜਕ ਦੇ ਦੂਜੇ ਪਾਸੇ ਚਲਣਾ ਸ਼ੁਰੂ ਕਰ ਦਿੱਤਾ। ਥੋੜ੍ਹੀ ਦੇਰ ਬਾਅਦ ਹੀ ਮੇਰੀ ਮਾਤਾ ਨੇ ਇੱਕ ਕਾਰ ਆਪਣੇ ਵੱਲ ਆਉਂਦੀ ਦੇਖੀ ਅਤੇ ਜਦੋਂ ਕਾਰ ਪੂਰੀ ਤਰ੍ਹਾਂ ਉਨ੍ਹਾਂ ਕੋਲ ਆ ਕੇ ਰੁਕ ਗਈ, ਤਾਂ ਗੁੱਸੇ ਨਾਲ ਭਰੇ ਹੋਏ ਮਾਤਾ ਜੀ ਉਸ ਕਾਰ ਦੇ ਮੂਹਰੇ ਜਾ ਕੇ ਲੇਟ ਗਏ। ਮੈਂ ਇਹ ਸੋਚ ਕੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਤਾਂ ਕਿ ਆਪਣੇ ਪਿਤਾ ਜੀ ਨੂੰ ਇਸ ਬਾਰੇ ਦੱਸਾਂਗਾ। ਉਸੀ ਸਮੇਂ ਮੈਂ ਕਾਰ ਦੇ ਡਰਾਈਵਰ ਕੋਲੋਂ ਮਾਤਾ ਜੀ ਦੇ ਇਸ ਵਰਤਾਰੇ ਲਈ ਮੁਆਫੀ ਵੀ ਮੰਗ ਲਈ। ਪਰ ਕੁੱਝ ਸਮਾਂ ਬੀਤਣ ਤੋਂ ਬਾਅਦ ਉਸ ਕਾਰ ਡਰਾਈਵਰ ਨੇ ਆਪਣੇ ਡੈਸ਼-ਕੈਮ ਵਿਚਲੀ ਵੀਡੀਓ ਇਹ ਕਹਿੰਦੇ ਹੋਏ ਸੋਸ਼ਲ ਮੀਡੀਆ ‘ਤੇ ਪਾ ਦਿੱਤੀ ਕਿ ‘ਸ਼ਾਇਦ ਕੁੱਝ ਲੋਕ ਇੰਸ਼ੋਰੈਂਸ ਦੇ ਪੈਸੇ ਬਟੋਰਨ’ ਲਈ ਅਜਿਹੇ ਕੰਮ ਵੀ ਕਰਦੇ ਹਨ।’’

ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਤਾਂ ਇਹ ਵੀਡੀਓ ਹਰ ਪਾਸੇ ਫੈਲ ਗਈ ਅਤੇ ਕਿਸੇ ਨੇ ਵੀ ਤੱਥਾਂ ਦੀ ਪੁਸ਼ਟੀ ਕਰਨੀ ਠੀਕ ਨਹੀਂ ਸਮਝੀ ਅਤੇ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਭੇਜਦੇ ਰਹੇ। ਉਨ੍ਹਾਂ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਦੋਵੇਂ ਆਸਟ੍ਰੇਲੀਆ ’ਚ ਚੰਗੀਆਂ ਕੰਪਨੀਆਂ ’ਚ ਨੌਕਰੀਆਂ ਕਰਦੇ ਹਨ ਅਤੇ ਅੱਜ ਤਕ ਕੋਈ ਗ਼ਲਤ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਇਹ ਵੀਡੀਓ ਉਨ੍ਹਾਂ ਸਾਹਮਣੇ ਆਈ ਤਾਂ ਉਹ ਆਪ ਹੀ ਪੁਲਿਸ ਕੋਲ ਚਲੇ ਗਏ ਅਤੇ ਸਾਰੀ ਗੱਲ ਉਨ੍ਹਾਂ ਨੂੰ ਦੱਸੀ। ਪੁਲਿਸ ਵੱਲੋਂ ਕੀਤੀ ਗਈ ਜਾਂਚ ਅਤੇ ਜਾਰੀ ਕੀਤੇ ਗਏ ਬਿਆਨ ਅਨੁਸਾਰ Insurance ਧੋਖਾਧੜੀ ਵਰਗਾ ਕੁਝ ਵੀ ਨਹੀਂ ਸੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਵੀ ਲੋਕਾਂ ਨੇ ਇਸ ਵੀਡੀਓ ਤੇ ਕਥਿਤ ਤੌਰ ਤੇ ਗਲਤ ਕੂਮੈਂਟ ਕਰਦੇ ਹੋਏ ਅੱਗੇ ਫੈਲਾਇਆ ਹੈ, ਉਹ ਹੁਣ ਠੀਕ ਕੂਮੈਂਟ ਕਰਦੇ ਹੋਏ ਸਥਿਤੀ ਨੂੰ ਸਾਫ ਕਰਨ ਵਿੱਚ ਉਨ੍ਹਾਂ ਦੀ ਮਦਦ ਕਰਨ।