ਮੈਲਬਰਨ: McDonald’s ਦੀ ਇੱਕ ਵਰਕਰ ਵੱਲੋਂ ਗਾਹਕਾਂ ਦੇ ਸਾਹਮਣੇ ਗੈਰ-ਸਿਹਤਮੰਦ ਹਰਕਤ ਨਾਲ ਆਸਟ੍ਰੇਲੀਆ ਵਾਸੀ ਹੈਰਾਨ ਹਨ। ਕੁਈਨਜ਼ਲੈਂਡ ਦੇ ਬੂਵਲ ਵਿਚ McDonald’s ਦੀ ਇਕ ਗਾਹਕ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਇਕ ਵਰਕਰ ਮੋਪ (ਪੋਚਾ) ਸੁਕਾਉਣ ਲਈ ਭੋਜਨ ਗਰਮ ਕਰਨ ਵਾਲੇ ਹੀਟ ਲੈਂਪ ਦੀ ਵਰਤੋਂ ਕਰ ਰਹੀ ਹੈ। 4 ਅਪ੍ਰੈਲ ਨੂੰ ਵਾਪਰੀ ਇਸ ਘਟਨਾ ਨੂੰ ਇੱਕ ਔਰਤ ਨੇ ਮੋਬਾਈਲ ਫ਼ੋਨ ’ਚ ਰਿਕਾਰਡ ਕਰ ਲਿਆ ਸੀ ਅਤੇ ਪਿਛਲੇ ਦਿਨੀਂ ਹੀ ਸੋਸ਼ਲ ਮੀਡੀਆ ’ਤੇ ਪੋਸਟ ਕੀਤਾ, ਜਿਸ ਨਾਲ ਆਸਟ੍ਰੇਲੀਆਈ ਲੋਕਾਂ ਵਿੱਚ ਹਲਚਲ ਮਚ ਗਈ।
ਗਾਹਕ, ਜੋ ਉਸ ਸਮੇਂ ਆਪਣੇ ਆਰਡਰ ਦੀ ਉਡੀਕ ਕਰ ਰਹੀ ਸੀ, ਨੇ ਇਕ ਸਟਾਫ ਮੈਂਬਰ ਨੂੰ ਇਹ ਕਹਿੰਦਿਆਂ ਵੀ ਸੁਣਿਆ ਕਿ ਮੋਪ ਨੂੰ ਕਿਤੇ ਅੱਗ ਨਾ ਲੱਗ ਜਾਵੇ। ਇਸ ਦੇ ਬਾਵਜੂਦ ਵਰਕਰ ਮੋਪ ਲਗਭਗ 1 ਮਿੰਟ ਤਕ ਸੁਕਾਉਂਦੀ ਰਹੀ ਇਸ ਹੇਠਾਂ ਪਈਆਂ ਫ੍ਰਾਈਜ਼ ਨੂੰ ਹੀ ਗਾਹਕਾਂ ਨੂੰ ਪਰੋਸ ਦਿੱਤਾ ਗਿਆ।
ਬਹੁਤ ਸਾਰੇ ਲੋਕਾਂ ਨੇ ਇਸ ਘਟਨਾ ’ਤੇ ਆਪਣੀ ਨਫ਼ਰਤ ਜ਼ਾਹਰ ਕੀਤੀ ਅਤੇ ਇਸ ਨੂੰ ਫਾਸਟ-ਫੂਡ ਚੇਨ ਦੇ ਘਟਦੇ ਮਿਆਰਾਂ ਦਾ ਸੰਕੇਤ ਦੱਸਿਆ। ਜਦਕਿ ਇਸ ਦੇ ਜਵਾਬ ਵਿਚ McDonald’s ਆਸਟ੍ਰੇਲੀਆ ਦੇ ਬੁਲਾਰੇ ਨੇ ਕਿਹਾ ਕਿ ਘਟਨਾ ਵਿਰਲਾ ਮਾਮਲਾ ਹੈ ਅਤੇ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਮੈਕਡੋਨਲਡਜ਼ ਭੋਜਨ ਸੁਰੱਖਿਆ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਅਜਿਹੀਆਂ ਘਟਨਾਵਾਂ ਨੂੰ ਦੁਬਾਰਾ ਵਾਪਰਨ ਤੋਂ ਰੋਕਣ ਲਈ ਰੈਸਟੋਰੈਂਟ ਨਾਲ ਕੰਮ ਕਰਨਾ ਜਾਰੀ ਰੱਖਣਗੇ।