ਮੈਲਬਰਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇੰਪੋਰਟ ’ਤੇ ਗਲੋਬਲ ਟੈਰਿਫ਼ 10% ਤੋਂ ਵਧਾ ਕੇ 15% ਕਰਨ ਦੇ ਐਲਾਨ ਮਗਰੋਂ ਆਸਟ੍ਰੇਲੀਆ ਦੇ ਐਕਸਪੋਰਟਰ ਫ਼ਿਕਰਮੰਦ ਹੋ ਗਏ ਹਨ। ਵਧੇ ਹੋਏ ਟੈਰਿਫ਼ ਨਾਲ ਆਸਟ੍ਰੇਲੀਅਨ ਭੇਡ, ਬੱਕਰੀ ਅਤੇ ਮਟਨ ਦੇ ਮਾਸ ਦਾ ਐਕਸਪੋਰਟ ਪ੍ਰਭਾਵਿਤ ਹੋਵੇਗਾ। ਹਾਲਾਂਕਿ, ਬੀਫ਼ ਨੂੰ ਛੋਟ ਮਿਲੀ ਰਹੇਗੀ ਕਿਉਂਕਿ 2025 ਵਿੱਚ ਟਰੰਪ ਨੇ ਇਸ ’ਤੇ ਟੈਰਿਫ਼ ਬਾਰੇ ਆਪਣਾ ਫ਼ੈਸਲਾ ਵਾਪਸ ਲੈ ਲਿਆ ਸੀ। ਮੀਟ ਐਂਡ ਲਾਈਵਸਟਾਕ ਆਸਟ੍ਰੇਲੀਆ ਨੇ ਕਿਹਾ ਕਿ ਉਹ ਸਰਕਾਰ ਨਾਲ ਮਿਲ ਕੇ ਚੁਣੌਤੀਆਂ ਦਾ ਹੱਲ ਲੱਭਣਗੇ। ਵਪਾਰ ਮੰਤਰੀ Don Farrell ਇਸ ਹਫ਼ਤੇ ਅਮਰੀਕਾ ਜਾ ਰਹੇ ਹਨ ਅਤੇ ਟੈਰਿਫ਼ ਹਟਾਉਣ ਦੀ ਮੰਗ ਕਰ ਰਹੇ ਹਨ।
ਦੂਜੇ ਪਾਸੇ ਆਸਟ੍ਰੇਲੀਅਨ ਕਿਸਾਨਾਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਟਰੰਪ ਦੇ ਇਸ ਅਚਾਨਕ ਫ਼ੈਸਲੇ ਨਾਲ ਲੰਬੇ ਸਮੇਂ ਦੀ ਯੋਜਨਾ ਬਣਾਉਣ ’ਚ ਮੁਸ਼ਕਲ ਆਵੇਗੀ। ਨਿਊ ਸਾਊਥ ਵੇਲਜ਼ ਦੀ ਕਿਸਾਨ ਅਤੇ ਬੁੱਚਰ ਬਿਆਂਕਾ ਟੈਰੈਂਟ ਨੇ ਕਿਹਾ ਕਿ ਭਾਵੇਂ ਉਸ ਦਾ ਕਾਰੋਬਾਰ ਸਿੱਧੇ ਤੌਰ ’ਤੇ ਪ੍ਰਭਾਵਿਤ ਨਹੀਂ, ਪਰ ਪਸ਼ੂਆਂ ਦੀ ਖਰੀਦ-ਫ਼ਰੋਖ਼ਤ ’ਤੇ ਅਸਰ ਪੈ ਰਿਹਾ ਹੈ। ਪਹਿਲਾਂ ਹੀ ਪਤਲੇ ਮਾਰਜਿਨ ’ਤੇ ਕੰਮ ਕਰ ਰਹੇ ਕਿਸਾਨਾਂ ਨੂੰ ਹੁਣ ਹੋਰ ਵਿੱਤੀ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜ਼ਿਕਰਯੋਗ ਹੈ ਕਿ ਜਦੋਂ ਅਮਰੀਕੀ ਸੁਪਰੀਮ ਕੋਰਟ ਨੇ ਪਿਛਲੇ ਸਾਲ ਲਗਾਏ ਗਏ ਕਈ ਵਿਆਪਕ ਆਯਾਤ ਟੈਕਸਾਂ ਨੂੰ ਰੱਦ ਕਰ ਦਿੱਤਾ ਸੀ ਤਾਂ ਟਰੰਪ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ 15 ਪ੍ਰਤੀਸ਼ਤ ਦਾ ਗਲੋਬਲ ਟੈਰਿਫ਼ ਲਗਾਉਣਾ ਚਾਹੁੰਦੇ ਹਨ, ਜੋ ਕਿ 10 ਪ੍ਰਤੀਸ਼ਤ ਤੋਂ ਵੱਧ ਹੈ ਜਿਸ ਦਾ ਐਲਾਨ ਉਨ੍ਹਾਂ ਨੇ ਇੱਕ ਦਿਨ ਪਹਿਲਾਂ ਕੀਤਾ ਸੀ।





