ਆਸਟ੍ਰੇਲੀਆ ਦੇ Geelong ਵਿੱਚ ਪੰਜਾਬੀ ਦਾ ਚਾਨਣ ਫੈਲ ਰਿਹਾ ਵਿਰਾਸਤੀ ਸਕੂਲ

cbadmin
By
cbadmin
2 Min Read

ਮੈਲਬਰਨ : ਆਸਟ੍ਰੇਲੀਆ ਦੇ ਵਿਕਟੋਰੀਆ ਸਟੇਟ ਦੇ ਸ਼ਹਿਰ Geelong ਸਥਿਤ ਵਿਰਾਸਤੀ ਪੰਜਾਬੀ ਸਕੂਲ ਨੇ ਪਿਛਲੇ ਪੰਜ ਸਾਲਾਂ ਵਿੱਚ ਵੱਡੀ ਤਰੱਕੀ ਕੀਤੀ ਹੈ। 15 ਵਿਦਿਆਰਥੀਆਂ ਨਾਲ ਸ਼ੁਰੂ ਹੋਇਆ ਇਹ ਸਕੂਲ ਹੁਣ 53 ਬੱਚਿਆਂ ਨੂੰ ਪੰਜਾਬੀ ਭਾਸ਼ਾ, ਭੰਗੜਾ-ਗਿੱਧਾ ਅਤੇ ਸੱਭਿਆਚਾਰ ਸਿਖਾ ਰਿਹਾ ਹੈ। ਇਹ ਸਕੂਲ ਪੂਰੀ ਤਰ੍ਹਾਂ ਵਲੰਟੀਅਰਾਂ ਵੱਲੋਂ ਚਲਾਇਆ ਜਾਂਦਾ ਹੈ ਅਤੇ ਹਰ ਸ਼ੁੱਕਰਵਾਰ ਤਿੰਨ ਘੰਟਿਆਂ ਲਈ ਕਲਾਸਾਂ ਲਗਦੀਆਂ ਹਨ। ਸਕੂਲ ਬੱਚਿਆਂ ਨੂੰ ਆਪਣੀਆਂ ਪੰਜਾਬੀ ਜੜ੍ਹਾਂ ਨਾਲ ਜੋੜ ਰਿਹਾ ਹੈ।

ABC ਵਲੋਂ ਤਿਆਰ ਕੀਤੀ ਇੱਕ ਰਿਪੋਰਟ ਅਨੁਸਾਰ ਪ੍ਰੀਤ ਖਿੰਡਾ, ਜੋ ਸਕੂਲ ਦੀ ਸੰਸਥਾਪਕ ਹੈ, ਨੇ ਦੱਸਿਆ, “ਇਹ ਸਿਰਫ਼ ਪੰਜਾਬੀ ਸਕੂਲ ਨਹੀਂ, ਸਾਡੇ ਲਈ ਇੱਕ ਸੋਸ਼ਲ ਕਲੱਬ ਵੀ ਹੈ। ਅਸੀਂ ਚਾਹੁੰਦੇ ਸੀ ਕਿ ਬੱਚੇ ਆਪਣੀ ਜੜ੍ਹਾਂ ਨਾਲ ਜੁੜੇ ਰਹਿਣ।” ਗੁਰਵੀਰ ਕੌਰ, ਜਿਸ ਦਾ ਪੁੱਤਰ ਨਿਰਵੈਰ ਇੱਥੇ ਪੜ੍ਹਦਾ ਹੈ, ਨੇ ਕਿਹਾ, “ਮੈਂ ਬਹੁਤ ਖੁਸ਼ ਹਾਂ। ਉਸਦੇ ਵਿਹਾਰ ਅਤੇ ਸਮਾਜਿਕ ਹੁਨਰਾਂ ਵਿੱਚ ਵੱਡਾ ਫਰਕ ਆਇਆ ਹੈ। ਹੁਣ ਉਹ ਹਰ ਰੋਜ਼ ਪੁੱਛਦਾ ਹੈ, ‘ਮਾਂ, ਮੈਂ ਸਕੂਲ ਕਦੋਂ ਜਾਣਾ ਹੈ?’”

ਇਹੀ ਨਹੀਂ ਵਿਕਟੋਰੀਆ ਦੇ ਜੰਮਪਲ ਬੱਚੇ, ਜੋ ਪੰਜਾਬੀ ਬੋਲ ਅਤੇ ਸਮਝ ਨਹੀਂ ਸਕਦੇ ਸਨ ਉਨ੍ਹਾਂ ਲਈ ਵੀ ਇਹ ਸਕੂਲ ਬਹੁਤ ਅਹਿਮ ਸਾਬਤ ਹੋ ਰਿਹਾ ਹੈ। Patricia Dietrich, ਜਿਸਦੇ ਬੱਚੇ Armaan ਅਤੇ Estelle ਇੱਥੇ ਪੜ੍ਹਦੇ ਹਨ, ਨੇ ਕਿਹਾ, “ਪਹਿਲਾਂ ਉਨ੍ਹਾਂ ਨੂੰ ਪੰਜਾਬੀ ਬਾਰੇ ਕੁਝ ਨਹੀਂ ਪਤਾ ਸੀ। ਹੁਣ ਉਹ ਆਪਣੇ ਦਾਦੇ-ਦਾਦੀ ਨਾਲ ਗੱਲਬਾਤ ਕਰ ਸਕਦੇ ਹਨ।”

ਸਕੂਲ ਵਿੱਚ ਹਰ ਸਾਲ ਐਨੁਅਲ ਇਵੈਂਟ ਹੁੰਦਾ ਹੈ, ਜਿਸ ਵਿੱਚ ਵਿਦਿਆਰਥੀ ਪੰਜਾਬੀ ਗੀਤ, ਡਾਂਸ ਅਤੇ ਭਾਸ਼ਾ ਦੇ ਪ੍ਰੋਗਰਾਮ ਪੇਸ਼ ਕਰਦੇ ਹਨ। ਸੈਂਸਸ ਅੰਕੜਿਆਂ ਅਨੁਸਾਰ 2021 ਤਕ ਵਿਕਟੋਰੀਆ ’ਚ 100,000 ਤੋਂ ਵੱਧ ਪੰਜਾਬੀ ਬੋਲਣ ਵਾਲੇ ਲੋਕ ਹਨ, ਪਰ ਸਟੇਟ ਦੇ ਜ਼ਿਆਦਾਤਰ ਸਕੂਲਾਂ ’ਚ ਪੰਜਾਬੀ ਨਹੀਂ ਪੜ੍ਹਾਈ ਜਾਂਦੀ।

Share This Article