ਆਸਟ੍ਰੇਲੀਆ ’ਚ ਘਰ ਛੋਟਾ ਕਰਨ ਦੀ ਸਲਾਹ – ਕਈ ਰਿਟਾਇਰਡ ਲੋਕਾਂ ਲਈ ਬਣ ਸਕਦੀ ਹੈ ਵਿੱਤੀ ਫੰਦਾ

cbadmin
By
cbadmin
2 Min Read

ਮੈਲਬਰਨ : ਆਸਟ੍ਰੇਲੀਆ ਵਿੱਚ ਵਧ ਰਹੀ ਹਾਊਸਿੰਗ ਕੀਮਤਾਂ ਅਤੇ ਘਰਾਂ ਦੀ ਘਾਟ ਦੇ ਮੱਦੇਨਜ਼ਰ ਸਰਕਾਰ ਅਤੇ ਨੀਤੀ-ਨਿਰਧਾਰਕਾਂ ਵੱਲੋਂ ਰਿਟਾਇਰ ਹੋ ਚੁੱਕੇ ਲੋਕਾਂ ਨੂੰ ਵੱਡੇ ਘਰ ਛੱਡ ਕੇ ਛੋਟੇ ਮਕਾਨਾਂ ਵਿੱਚ ਜਾਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਦਲੀਲ ਇਹ ਦਿੱਤੀ ਜਾਂਦੀ ਹੈ ਕਿ ਇਸ ਨਾਲ ਨੌਜਵਾਨ ਪਰਿਵਾਰਾਂ ਲਈ ਘਰਾਂ ਦੀ ਉਪਲਬਧਤਾ ਵਧੇਗੀ। ਪਰ ਤਾਜ਼ਾ ਅਧਿਐਨਾਂ ਨੇ ਇਸ ਰੁਝਾਨ ਦੇ ਵਿੱਤੀ ਖ਼ਤਰਿਆਂ ਵੱਲ ਧਿਆਨ ਦਿਵਾਇਆ ਹੈ।

ਰਾਸ਼ਟਰੀ ਪੱਧਰ ’ਤੇ ਮਕਾਨਾਂ ਦੀਆਂ ਕੀਮਤਾਂ ਰਿਕਾਰਡ ਉੱਚਾਈ ’ਤੇ ਹਨ ਅਤੇ ਅਨੁਮਾਨ ਹੈ ਕਿ 2026 ਦੇ ਅੰਤ ਤੱਕ ਇਹ ਹੋਰ 6 ਤੋਂ 8 ਫ਼ੀਸਦੀ ਤੱਕ ਵਧ ਸਕਦੀਆਂ ਹਨ। 55 ਸਾਲ ਤੋਂ ਵੱਧ ਉਮਰ ਵਾਲੇ ਕਰੀਬ 85 ਫ਼ੀਸਦੀ ਘਰਾਂ ਵਿੱਚ ਦੋ ਜਾਂ ਵੱਧ ਖਾਲੀ ਕਮਰੇ ਹਨ, ਪਰ ਇਹ ਹਕੀਕਤ ਵੀ ਸਾਹਮਣੇ ਆਈ ਹੈ ਕਿ ਉਮਰਦਰਾਜ਼ ਲੋਕਾਂ ਲਈ ਉਚਿਤ ਛੋਟੇ ਘਰਾਂ ਦੀ ਉਪਲਬਧਤਾ ਘੱਟ ਹੈ।

ਮੌਜੂਦਾ ਨਿਯਮਾਂ ਅਨੁਸਾਰ 55 ਸਾਲ ਤੋਂ ਉੱਪਰ ਦੇ ਆਸਟ੍ਰੇਲੀਆਈ ਘਰ ਵੇਚਣ ਉਪਰੰਤ 3 ਲੱਖ ਡਾਲਰ ਤੱਕ ਦੀ ਰਕਮ ਸਿੱਧੀ ਸੂਪਰਐਨੂਏਸ਼ਨ ਵਿੱਚ ਜਮ੍ਹਾ ਕਰ ਸਕਦੇ ਹਨ। ਪਰ ਇਸ ਨਾਲ ਜੁੜੇ ਲੁਕਵੇਂ ਖ਼ਰਚੇ—ਸਟੈਂਪ ਡਿਊਟੀ, ਏਜੰਟ ਫੀਸਾਂ ਅਤੇ ਹੋਰ ਲੈਣ-ਦੇਣ ਖ਼ਰਚ—ਅਕਸਰ ਉਮੀਦਿਤ ਲਾਭ ਨੂੰ ਘਟਾ ਦਿੰਦੇ ਹਨ। ਸਭ ਤੋਂ ਵੱਡੀ ਚਿੰਤਾ Age Pension ਨਾਲ ਜੁੜੀ ਹੈ। ਘਰ ਖੁਦ ਪੈਨਸ਼ਨ ਦੇ ਐਸੈੱਟ ਟੈਸਟ ਤੋਂ ਬਾਹਰ ਹੁੰਦਾ ਹੈ, ਪਰ ਵਿਕਰੀ ਤੋਂ ਮਿਲੀ ਰਕਮ ਗਿਣਤੀ ਵਿੱਚ ਆਉਂਦੀ ਹੈ। ਜੇ ਕੋਈ ਜੋੜਾ ਡਾਊਨਸਾਈਜ਼ ਕਰ ਕੇ 3 ਲੱਖ ਡਾਲਰ ਬਚਾਉਂਦਾ ਹੈ ਤਾਂ ਉਸ ਦੀ ਪੈਨਸ਼ਨ ਹਰ ਪੰਦਰਵਾੜੇ 900 ਡਾਲਰ ਤੱਕ ਘਟ ਸਕਦੀ ਹੈ, ਜੋ ਸਾਲਾਨਾ ਲਗਭਗ 23,400 ਡਾਲਰ ਦਾ ਘਾਟਾ ਬਣਦਾ ਹੈ।

ਵਿੱਤੀ ਮਾਹਿਰਾਂ ਦਾ ਕਹਿਣਾ ਹੈ ਕਿ ਡਾਊਨਸਾਈਜ਼ ਕਰਨਾ ਹਰ ਕਿਸੇ ਲਈ ਵਿੱਤੀ ਸੁਰੱਖਿਆ ਨਹੀਂ ਲਿਆਉਂਦਾ, ਕਈ ਵਾਰ ਇਹ ਉਲਟ ਨੁਕਸਾਨਦੇਹ ਸਾਬਤ ਹੁੰਦਾ ਹੈ। ਇਸ ਦੇ ਨਾਲ ਹੀ Australian Institute of Health and Welfare ਨੇ ਵੀ ਦਰਸਾਇਆ ਹੈ ਕਿ ਪਰਿਵਾਰਕ ਘਰ ਸਿਰਫ਼ ਜਾਇਦਾਦ ਨਹੀਂ, ਸਗੋਂ ਪਛਾਣ, ਸਥਿਰਤਾ ਅਤੇ ਭਾਵਨਾਤਮਕ ਜੁੜਾਅ ਦਾ ਕੇਂਦਰ ਹੁੰਦਾ ਹੈ।

ਇਸ ਪ੍ਰਸੰਗ ਵਿੱਚ ਇਹ ਸਾਫ਼ ਹੋ ਰਿਹਾ ਹੈ ਕਿ ਘਰ ਛੋਟਾ ਕਰਨ ਦੀ ਨੀਤੀ ਨੂੰ ਸਰਲ ਹੱਲ ਵਜੋਂ ਪੇਸ਼ ਕਰਨਾ ਠੀਕ ਨਹੀਂ। ਵੱਡੇ ਘਰਾਂ ਵਿੱਚ ਰਹਿੰਦੇ ਬਜ਼ੁਰਗਾਂ ਲਈ ਇਹ ਫੈਸਲਾ ਆਰਥਿਕ ਅਤੇ ਸਮਾਜਿਕ ਦੋਵੇਂ ਪੱਖਾਂ ਤੋਂ ਗਹਿਰੇ ਅਸਰ ਛੱਡ ਸਕਦਾ ਹੈ।

TAGGED:
Share This Article