Pay gap ਕਾਰਨ ਆਸਟ੍ਰੇਲੀਆ ’ਚ ਔਰਤਾਂ ਲਈ ਮੁਸ਼ਕਲ ਹੋ ਰਿਹਾ ਪ੍ਰਾਪਰਟੀ ਖ਼ਰੀਦਣਾ, ਜਾਣੋ ਕੀ ਕਹਿੰਦੇ ਨੇ ਨਵੇਂ ਅੰਕੜੇ

ਮੈਲਬਰਨ : ਆਸਟ੍ਰੇਲੀਆ ਵਿੱਚ ਔਰਤਾਂ ਅਤੇ ਮਰਦਾਂ ਦੀ Pay gap (ਤਨਖ਼ਾਹ ’ਚ ਫ਼ਰਕ) ਦੇ ਨਵੇਂ ਅੰਕੜੇ ਸਾਹਮਣੇ ਆਏ ਹਨ, ਜੋ ਦਰਸਾਉਂਦੇ ਹਨ ਕਿ ਔਰਤਾਂ ਨੂੰ ਪ੍ਰਾਪਰਟੀ ਖਰੀਦਣ ਵਿੱਚ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਜ਼ਿਆਦਾਤਰ ਇਲਾਕਿਆਂ ਵਿੱਚ ਮਰਦਾਂ ਦੀ ਕਮਾਈ ਔਰਤਾਂ ਨਾਲੋਂ ਕਾਫ਼ੀ ਵੱਧ ਹੈ। ਉਦਾਹਰਨ ਵਜੋਂ, ਵੈਸਟਰਨ ਆਸਟ੍ਰੇਲੀਆ ਦੇ Ashburton ਵਿੱਚ ਮਰਦ ਹਫ਼ਤੇ ਵਿੱਚ 2,568 ਡਾਲਰ ਕਮਾਉਂਦੇ ਹਨ, ਜਦਕਿ ਔਰਤਾਂ ਸਿਰਫ਼ 1,196 ਡਾਲਰ। ਇਹ ਸਾਲਾਨਾ 58,000 ਡਾਲਰ ਤੋਂ ਵੱਧ ਦਾ ਫ਼ਰਕ ਹੈ।

ਕੁਇਨਜ਼ਲੈਂਡ ਦੇ Moranbah ਵਿੱਚ ਸਾਲਾਨਾ 55,497 ਡਾਲਰ ਦਾ ਫਰਕ ਹੈ, ਜਦਕਿ ਸਾਊਥ ਆਸਟ੍ਰੇਲੀਆ ਦੇ Roxby Downs ਵਿੱਚ 52,369 ਡਾਲਰ ਦਾ। ਇਸ ਕਾਰਨ ਔਰਤਾਂ ਲਈ ਘਰ ਖਰੀਦਣ ਲਈ ਬਚਤ ਕਰਨਾ ਅਤੇ ਲੋਨ ਲੈਣਾ ਮੁਸ਼ਕਲ ਹੋ ਜਾਂਦਾ ਹੈ। ਖ਼ਾਸ ਕਰਕੇ ਇਕੱਲੀਆਂ ਮਾਵਾਂ ਨੂੰ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈਂਦਾ ਹੈ। ਮੈਲਬਰਨ ’ਚ ਔਰਤਾਂ ਅਤੇ ਮਰਦਾਂ ਦੀ pay ’ਚ 27,000 ਡਾਲਰ ਦਾ ਫ਼ਰਕ ਹੈ।

ਹਾਲਾਂਕਿ ਕੁਝ ਇਲਾਕਿਆਂ ਵਿੱਚ ਔਰਤਾਂ ਵੱਧ ਕਮਾਉਂਦੀਆਂ ਹਨ। ਸਭ ਤੋਂ ਵੱਡਾ ਫਾਇਦਾ ਕੁਇਨਜ਼ਲੈਂਡ ਦੇ Palm Island ਵਿੱਚ ਹੈ, ਜਿੱਥੇ ਔਰਤਾਂ ਸਾਲਾਨਾ 9,413 ਡਾਲਰ ਵੱਧ ਕਮਾਉਂਦੀਆਂ ਹਨ। ਮਾਹਰ ਕਹਿੰਦੇ ਹਨ ਕਿ ਇਹ ਫ਼ਰਕ ਘਟਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਔਰਤਾਂ ਨੂੰ ਜਾਇਦਾਦ ਬਾਜ਼ਾਰ ਵਿੱਚ ਬਰਾਬਰੀ ਮਿਲ ਸਕੇ।